ਪੈਸੇ ਦੇ ਲਾਲਚ ’ਚ ਸਮੇਂ ਤੋਂ ਪਹਿਲਾ ਕੀਤੀ ਬੱਚੇ ਦੀ ਡਲਿਵਰੀ, ਮਾਂ ਦੀ ਮੌਤ
ਬੱਚੇ ਦੀ ਡਿਲੀਵਰੀ ਤੋਂ ਬਾਅਦ ਔਰਤ ਦੀ ਮੌਤ
Publish Date: Sun, 05 Apr 2026 05:47 PM (IST)
Updated Date: Mon, 06 Apr 2026 04:04 AM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਬਰਨਾਲਾ ਦੇ ਕਸਬਾ ਮਹਿਲ ਕਲਾਂ ਨਾਲ ਸਬੰਧਿਤ ਇਕ ਔਰਤ ਦੀ ਬੱਚੇ ਦੀ ਡਲਿਵਰੀ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਕਿਹਾ ਕਿ ਉਨ੍ਹਾਂ ਦੀ ਨੂੰਹ ਨਾਜੀਆ ਪ੍ਰਵੀਨ ਕੁਝ ਦਿਨ ਪਹਿਲਾਂ ਜਣੇਪੇ ਦੇ ਮਾਮਲੇ ’ਚ ਆਪਣੇ ਪੇਕੇ ਮਾਲੇਰਕੋਟਲਾ ਵਿਖੇ ਗਈ ਹੋਈ ਸੀ। ਜਿਸ ਦੀ ਦੋ ਦਿਨ ਪਹਿਲਾਂ ਤਬੀਅਤ ਵਿਗੜਨ ਤੋਂ ਬਾਅਦ ਉਸ ਨੂੰ ਮਾਲੇਰਕੋਟਲਾ ਦੇ ਇਕ ਡਾਕਟਰ ਦੀ ਸਲਾਹ ’ਤੇ ਅੱਗੇ ਲੁਧਿਆਣਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਹਸਪਤਾਲ ਦੇ ਡਾਕਟਰਾਂ ਨੇ ਆਪਣੇ ਆਪ੍ਰੇਸ਼ਨ ਦੇ ਲਾਲਚ ਵਿੱਚ ਸਮੇਂ ਤੋਂ ਪਹਿਲਾਂ ਹੀ ਬੱਚੇ ਦਾ ਜਣੇਪਾ ਕਰਵਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੀ ਨੂੰਹ ਨਾਜ਼ੀਆ ਪ੍ਰਵੀਨ ਦੀ ਹਾਲਤ ਵਿਗੜ ਗਈ ਪਰੰਤੂ ਡਾਕਟਰਾਂ ਨੇ ਪਰਿਵਾਰਿਕ ਮੈਂਬਰਾਂ ਦੇ ਕਹਿਣ ’ਤੇ ਵੀ ਸਮੇਂ ਸਿਰ ਧਿਆਨ ਨਹੀਂ ਦਿੱਤਾ। ਇਹ ਖ਼ਬਰ ਮਿਲਣ ਤੋਂ ਬਾਅਦ ਮਹਿਲ ਕਲਾਂ ਤੇ ਮ੍ਰਿਤਕ ਨਾਜ਼ੀਆ ਪਰਵੀਨ ਦੇ ਪੇਕੇ ਮਾਲੇਰਕੋਟਲਾ ਦੀਆਂ ਸਮਾਜਿਕ ਜਨਤਕ ਜਥੇਬੰਦੀਆਂ ਦੇ ਆਗੂ ਲੁਧਿਆਣਾ ਹਸਪਤਾਲ ਪੁੱਜੇ ਤੇ ਡਾਕਟਰ ਦੀ ਲਾਪ੍ਰਵਾਹੀ ਦੇ ਖ਼ਿਲਾਫ਼ ਧਰਨਾ ਦਿੱਤਾ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਬੰਧਤ ਡਾਕਟਰ ਦੇ ਖ਼ਿਲਾਫ਼ ਬਣਦੀਆਂ ਧਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਮੰਗ ਕੀਤੀ।