ਬਜ਼ੁਰਗ ਔਰਤ ਦਾ ਪਰਸ ਚੋਰੀ ਕਰ ਕੇ ਔਰਤਾਂ ਹੋਈਆਂ ਫ਼ਰਾਰ
ਬਜ਼ੁਰਗ ਔਰਤ ਦਾ ਪਰਸ ਚੋਰੀ ਕਰਕੇ ਔਰਤਾਂ ਹੋਈਆਂ ਫਰਾਰ
Publish Date: Fri, 13 Feb 2026 04:10 PM (IST)
Updated Date: Sat, 14 Feb 2026 04:00 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਬਾਹਰਲੇ ਬੱਸ ਸਟੈਂਡ ’ਤੇ ਇਕ ਬਜ਼ੁਰਗ ਔਰਤ ਨਾਲ ਠੱਗੀ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਬਜ਼ੁਰਗ ਔਰਤ ਹਰਬੰਸ ਕੌਰ ਪਤਨੀ ਸਵ. ਹਰਦੇਵ ਸਿੰਘ ਵਾਸੀ ਖੱਟਰਪੱਤੀ ਤਪਾ ਅੱਖਾਂ ਦੀ ਦਵਾਈ ਲੈਣ ਲਈ ਬੱਸ ਸਟੈਂਡ ’ਤੇ ਪਏ ਬੈਂਚ ’ਤੇ ਬੈਠੀ ਸੀ। ਇਸ ਦੌਰਾਨ ਉਸਨੇ ਆਪਣੇ ਕੰਨਾਂ ’ਚ ਪਾਈਆਂ ਸੋਨੇ ਦੀਆਂ ਵਾਲ਼ੀਆਂ ਉਤਾਰ ਕੇ ਸ਼ਾਲ ਦੀ ਓਟ ਵਿਚ ਲਿਫਾਫੇ ਵਿਚ ਪਏ ਪਰਸ ’ਚ ਰੱਖ ਦਿੱਤੀਆਂ, ਜਿਸ ’ਚ ਪਹਿਲਾਂ ਤੋਂ ਹੀ 2500 ਰੁਪਏ ਤੇ ਆਧਾਰ ਕਾਰਡ ਰੱਖਿਆ ਹੋਇਆ ਸੀ ਨੂੰ ਡਰ ਸੀ ਕਿ ਉਸ ਦੇ ਕੰਨਾਂ ਦੀਆਂ ਵਾਲੀਆਂ ਕੋਈ ਲੁਟੇਰਾ ਲਾਹਕੇ ਨਾ ਲੈ ਜਾਵੇ। ਦੱਸਿਆ ਜਾਂਦਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਇਹ ਕਰਤੂਤ ਦੇਖ ਲਈ। ਜਦੋਂ ਬਜ਼ੁਰਗ ਔਰਤ ਬੱਸ ’ਚ ਚੜ੍ਹਣ ਲਈ ਉੱਠੀ ਤਾਂ ਉਸਨੂੰ ਅਚਾਨਕ ਘਬਰਾਹਟ ਮਹਿਸੂਸ ਹੋਈ ਤੇ ਉਹ ਮੁੜ ਬੈਂਚ ’ਤੇ ਆਕੇ ਬੈਠ ਗਈ। ਇਸ ਵੇਲੇ ਦੋ ਅਣਜਾਣ ਔਰਤਾਂ ਵੀ ਉਸਦੇ ਕੋਲ ਆ ਬੈਠੀਆਂ ਤੇ ਕਹਿਣ ਲੱਗੀਆਂ ਕਿ ਉਸਦਾ ਲਿਫਾਫਾ ਫਟਿਆ ਹੋਇਆ ਹੈ ਤੇ ਸਾਮਾਨ ਡਿੱਗ ਸਕਦਾ ਹੈ। ਜਦੋਂ ਬਜ਼ੁਰਗ ਔਰਤ ਨੇ ਲਿਫਾਫਾ ਦੇਖਿਆ ਤਾਂ ਉਹ ਫਟਿਆ ਹੋਇਆ ਸੀ ਤੇ ਅੰਦਰ ਰੱਖੀਆਂ ਪਰਸ ਜਿਸ ’ਚ ਦੋ ਤੋਲੇ ਸੋਨੇ ਦੀਆਂ ਵਾਲੀਆਂ ਅੰਦਾਜਨ ਡੇਢ ਤੋਲਾ, ਕਰੀਬ 2500 ਰੁਪਏ ਨਕਦ ਤੇ ਆਧਾਰ ਕਾਰਡ ਗਾਇਬ ਸੀ। ਉਪਰੰਤ ਉਸਨੇ ਤੁਰੰਤ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ ਤੇ ਪੁਲਿਸ ਚੌਕੀ ਤਪਾ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਚੌਕੀ ਇੰਚਾਰਜ ਬਲਜੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਤੇ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਭੀੜਭਾੜ ਵਾਲੀਆਂ ਥਾਵਾਂ ’ਤੇ ਆਪਣੇ ਕੀਮਤੀ ਸਾਮਾਨ ਦਾ ਖ਼ਾਸ ਧਿਆਨ ਰੱਖਣ ਤੇ ਸ਼ੱਕੀ ਵਿਅਕਤੀਆਂ ਤੋਂ ਸਾਵਧਾਨ ਰਹਿਣ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਇਸ ਮੌਕੇ ਸੁਰਿੰਦਰ ਸਿੰਘ ਖੱਟਰਕਾ ਤੇ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।