ਪਿੰਡ ਸਹਿਜੜਾ ਵਿਖੇ ਪੰਚਾਇਤ ਵਿਭਾਗ ਨੇ ਜਗ੍ਹਾਂ ਤੋਂ ਕਬਜਾ ਹਟਵਾਇਆ
ਪਿੰਡ ਸਹਿਜੜਾ ਵਿਖੇ ਪੁਲਿਸ ਦੀ ਮੱਦਦ ਨਾਲ ਪੰਚਾਇਤ ਵਿਭਾਗ ਨੇ ਜਗਾ ਤੋਂ ਕਬਜਾ ਹਟਵਾਇਆ
Publish Date: Mon, 23 Feb 2026 05:55 PM (IST)
Updated Date: Tue, 24 Feb 2026 04:07 AM (IST)

: ਪੰਚਾਇਤ ਦੀ ਜਗ੍ਹਾਂ ’ਤੇ ਰੂੜੀਆਂ ਨੂੰ ਪਾਸੇ ਕਰ ਕੇ ਪਾਰਕ ਲਈ ਜਗ੍ਹਾਂ ਤਿਆਰ ਕੀਤੀ : ਬੀਡੀਪੀਓ : ਸਾਡੀਆਂ ਰੂੜੀਆਂ ਨੂੰ ਚੱਕਣ ਤੋਂ ਪਹਿਲਾਂ ਸਾਨੂੰ ਜਗ੍ਹਾਂ ਦਾ ਪ੍ਰਬੰਧ ਕਰ ਕੇ ਦਿੱਤਾ ਜਾਵੇ : ਪੀੜਤ ਪਰਿਵਾਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਸਹਿਜੜਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਪੰਚਾਇਤੀ ਜਗ੍ਹਾਂ ਉਪਰ ਨਵੇਂ ਪਾਰਕ ਬਣਾਉਣ ਦੀ ਉਸਾਰੀ ਨੂੰ ਲੈ ਤਹਿਸੀਲਦਾਰ ਅਰਵਿੰਦਰ ਸਿੰਘ ਤੇ ਬੀਡੀਪੀਓ ਬਨਦੀਪ ਸਿੰਘ ਦੀ ਅਗਵਾਈ ਹੇਠ ਡੀਐੱਸਪੀ ਬਲਜੀਤ ਸਿੰਘ ਢਿੱਲੋਂ ਤੇ ਪੁਲਿਸ ਥਾਣਾ ਮਹਿਲਕਲਾਂ ਦੇ ਐੱਸਐੱਚਓ ਸਰਬਜੀਤ ਸਿੰਘ ਰੰਗੀਆਂ ਦੀ ਦੇਖ-ਰੇਖ ਹੇਠ ਪੁਲਿਸ ਸਰੁੱਖਿਆ ਪ੍ਰਬੰਧਾ ਹੇਠ ਮਾਲ ਵਿਭਾਗ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਪੰਚਾਇਤੀ ਜਗ੍ਹਾਂ ’ਤੇ ਕੁਝ ਘਰਾ ਵੱਲੋਂ ਪੰਚਾਇਤੀ ਜਗ੍ਹਾਂ ਵਿਚ ਰੂੜੀਆਂ ਚੱਕ ਕੇ ਜੇਸੀਵੀ ਰਾਹੀ ਪੱਧਰਾ ਕਰਕੇ ਕਬਜ਼ਾ ਪੰਚਾਇਤ ਹਵਾਲੇ ਕੀਤਾ ਗਿਆ। ਇਸ ਮੌਕੇ ਬੀਡੀਪੀਓ ਮਹਿਲਕਲਾਂ ਬਨਦੀਪ ਸਿੰਘ ਨੇ ਕਿਹਾ ਕਿ ਪਿੰਡ ਸਹਿਜੜਾ ਦੀ ਗ੍ਰਾਮ ਪੰਚਾਇਤ ਨੇ ਨਵੇਂ ਪਾਰਕ ਬਣਾਉਣ ਲਈ ਮਤਾ ਭੇਜਿਆ ਗਿਆ ਸੀ, ਪਾਰਕ ਬਣਾਉਣ ਵਾਲੀ ਜਗ੍ਹਾਂ ’ਤੇ ਕੁਝ ਪਿੰਡ ਵਾਸੀਆਂ ਵੱਲੋਂ ਕਬਜਾ ਕੀਤਾ ਹੋਇਆ ਸੀ। ਪੁਲਿਸ ਦੇ ਸਹਿਯੋਗ ਨਾਲ ਇਸ ਜਗ੍ਹਾਂ ਤੋਂ ਰੂੜ੍ਹੀਆਂ ਹਟਵਾਕੇ ਸਫਾਈ ਕੀਤੀ ਗਈ ਹੈ, ਜਲਦ ਇਸ ਜਗ੍ਹਾਂ ’ਤੇ ਪਾਰਕ ਦੀ ਉਸਾਰੀ ਕੀਤੀ ਜਾਵੇਗੀ। ਡੀਐੱਸਪੀ ਬਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕੁਝ ਘਰਾਂ ਵੱਲੋਂ ਪੰਚਾਇਤੀ ਜ਼ਮੀਨ ’ਤੇ ਰੂੜੀਆਂ ਲਗਾਕੇ ਕਬਜਾ ਕੀਤਾ ਗਿਆ ਸੀ, ਪੰਚਾਇਤ ਵਿਭਾਗ ਵੱਲੋਂ ਕਬਜੇ ਨੂੰ ਹਟਾਉਣ ਲਈ ਪੁਲਿਸ ਸੁਰੱਖਿਆ ਮੰਗੀ ਗਈ ਸੀ ਜਿਸ ਦੇ ਆਧਾਰ ’ਤੇ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਇਸ ਜਗ੍ਹਾ ’ਤੇ ਪਾਰਕ ਬਣਾਉਣ ਦਾ ਕੰਮ ਸ਼ੁਰੂ ਕਰਨਾ ਸੀ, ਪੁਲਿਸ ਪਾਰਟੀ ਵੱਲੋਂ ਉਸ ਜਗ੍ਹਾ ਤੋਂ ਕਬਜਾ ਹਟਵਾਕੇ ਪੰਚਾਇਤ ਦੇ ਹਵਾਲੇ ਕੀਤੀ ਗਈ ਹੈ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਪਿੰਡ ਦੀ ਸਾਂਝੀ ਜਗ੍ਹਾ ਹੈ, ਜਿਸ ’ਤੇ ਕੁਝ ਪਰਿਵਾਰ ਰੂੜੀਆਂ ਲਗਾਉਂਦੇ ਸਨ। ਵੱਖ-ਵੱਖ ਵਿਭਾਗਾਂ ਵੱਲੋਂ ਇਸ ਜਗ੍ਹਾ ’ਤੇ ਪਾਰਕ ਬਣਾਉਣ ਲਈ ਇਸ ਜਗ੍ਹਾ ਨੂੰ ਸਾਫ ਕੀਤਾ ਗਿਆ ਹੈ। ਜਲਦ ਇਸ ਜਗ੍ਹਾ ’ਤੇ ਪਾਰਕ ਦਾ ਕੰਮ ਚਾਲੂ ਹੋ ਜਾਵੇਗਾ। ਉਨ੍ਹਾਂ ਸਮੂਹ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਾ ਕੰਮ ਸ਼ਾਂਤੀ ਪੂਰਨ ਢੰਗ ਨਾਲ ਕੀਤਾ ਗਿਆ ਹੈ। ਇਸ ਮੌਕੇ ਰੂੜੀਆਂ ਲਗਾਉਣ ਵਾਲੇ ਪਰਿਵਾਰਾਂ ਨੇ ਸਾਬਕਾ ਪੰਚ ਜਸਵੀਰ ਸਿੰਘ ਸੀਰਾ ਸਹਿਜੜਾ ਤੇ ਪ੍ਰੇਮ ਸਿੰਘ ਸਹਿਜੜਾ ਦੀ ਅਗਵਾਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਜਾਹਰ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਨੇਕ ਵਾਰ ਸਬੰਧਿਤ ਅਧਿਕਾਰੀਆਂ ਨੂੰ ਮਿਲਿਆ ਗਿਆ ਹੈ ਤੇ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦਕਿ ਪਿਛਲੇ ਕਈ ਸਾਲਾਂ ਤੋਂ ਇਸ ਜਗ੍ਹਾ ਨੂੰ ਪਰਿਵਾਰ ਵਰਤ ਰਹੇ ਹਨ। ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਹੈ ਅਤੇ ਧਨਾਢ ਲੋਕਾਂ ਦੇ ਕਬਜੇ ਉਸੇ ਤਰ੍ਹਾਂ ਜਾਰੀ ਹਨ। ਪਿੰਡ ਦੀਆਂ ਹੋਰ ਵੀ ਜਗ੍ਹਾ ’ਤੇ ਪੰਚਾਇਤੀ ਥਾਵਾਂ ਉਪਰ ਅਨੇਕ ਲੋਕਾਂ ਦਾ ਕਬਜਾ ਹੈ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਦਕਿ ਸਾਨੂੰ ਉਜਾੜਿਆ ਜਾ ਰਿਹਾ ਹੈ। ਇਸ ਮੌਕੇ ਰਮਨਦੀਪ ਕੌਰ, ਕਰਮਜੀਤ ਕੌਰ, ਬਲਵਿੰਦਰ ਕੌਰ, ਕ੍ਰਿਸ਼ਨਾ ਕੌਰ, ਸੁਖਦੀਪ ਕੌਰ, ਨਸੀਬ ਕੌਰ, ਹਰਬੰਸ ਕੌਰ, ਮਨਜਿੰਦਰ ਸਿੰਘ, ਗੁਰਚਰਨ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ, ਜੱਗਾ ਸਿੰਘ, ਨਸੀਬ ਸਿੰਘ, ਗੁਰਦਰਸਨ ਸਿੰਘ ਗੁਰਚਰਨ ਸਿੰਘ ਨੇ ਕਿਹਾ ਕਿ ਜੇਕਰ ਇਸ ਜਗਾ ਤੇ ਪਾਰਕ ਬਣਾਉਣਾ ਹੈ ਤਾਂ ਪਹਿਲਾਂ ਸਾਨੂੰ ਰੂੜੀਆਂ ਲਈ ਜਗਾ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ। ਇਸ ਮੌਕੇ ਪੰਚਾਇਤ ਅਫਸਰ ਇਕਬਾਲ ਸਿੰਘ, ਸੰਮਤੀ ਪਟਵਾਰੀ ਗੁਰਪ੍ਰੀਤ ਸਿੰਘ , ਨਰੇਗਾ ਜਈ ਇੰਦਰਜੀਤ ਸਿੰਘ, ਪਂਚਾਇਤ ਸਕੱਤਰ ਗੁਰਪ੍ਰੀਤ ਕੌਰ ਸੇਖਾ, ਨਰੇਗਾ ਗ੍ਰਾਮ ਸੇਵਕ ਬੂਟਾ ਸਿੰਘ, ਨਰੇਗਾ ਗ੍ਰਾਮ ਸੇਵਕ ਕੁਲਦੀਪ ਸਿੰਘ ਮਹਿਲ ਕਲਾਂ, ਮਾਲ ਵਿਭਾਗ ਦੇ ਪਟਵਾਰੀ ਰਮਨਦੀਪ ਸਿੰਘ, ਸਬ ਇੰਸਪੈਕਟਰ ਸਰਬਜੀਤ ਕੌਰ, ਪੰਚ ਕੁਲਵਿੰਦਰ ਸਿੰਘ , ਗੁਰਮੇਲ ਸਿੰਘ, ਜਸਵੀਰ ਸਿੰਘ ਅਤੇ ਹਰਮੇਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।