ਗੁਰੂ ਨਾਲ ਬੇਰੁਖੀ ਕਿਉਂ? ਬੇਅਦਬੀ ਵਿਰੁੱਧ ਕਾਨੂੰਨ ਨਾ ਬਣਨ 'ਤੇ ਸਿੱਧੂਪੁਰ ਯੂਨੀਅਨ ਤੇ ਮੋਰਚੇ ਦੇ ਆਗੂਆਂ ਨੇ ਘੇਰਿਆ ਮੰਤਰੀ ਦਾ ਦਫ਼ਤਰ
ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ 'ਸਮਾਣਾ ਧਰਮ ਯੁੱਧ ਮੋਰਚੇ' ਦੇ ਆਗੂਆਂ ਅਤੇ ਪ੍ਰਬੰਧਕਾਂ ਵੱਲੋਂ ਅੱਜ ਦਿੜ੍ਹਬਾ ਵਿਖੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿੱਤ ਮੰਤਰੀ ਦੇ ਦਫ਼ਤਰ ਵਿੱਚ ਮੌਜੂਦ ਨਾ ਹੋਣ ਕਾਰਨ ਪ੍ਰਦਰਸ਼ਨਕਾਰੀਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
Publish Date: Tue, 17 Mar 2026 04:50 PM (IST)
Updated Date: Tue, 17 Mar 2026 04:51 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ 'ਸਮਾਣਾ ਧਰਮ ਯੁੱਧ ਮੋਰਚੇ' ਦੇ ਆਗੂਆਂ ਅਤੇ ਪ੍ਰਬੰਧਕਾਂ ਵੱਲੋਂ ਅੱਜ ਦਿੜ੍ਹਬਾ ਵਿਖੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿੱਤ ਮੰਤਰੀ ਦੇ ਦਫ਼ਤਰ ਵਿੱਚ ਮੌਜੂਦ ਨਾ ਹੋਣ ਕਾਰਨ ਪ੍ਰਦਰਸ਼ਨਕਾਰੀਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਵਿੱਤ ਮੰਤਰੀ ਦੀ ਗੈਰ-ਮੌਜੂਦਗੀ ਨੇ ਵਧਾਇਆ ਗੁੱਸਾ
ਮੋਰਚੇ ਦੇ ਸੰਚਾਲਕ ਗੁਰਪ੍ਰੀਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਆਗੂ ਕਾਕਾ ਸਿੰਘ ਕੋਟੜਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸੰਗਤਾਂ ਵਿੱਤ ਮੰਤਰੀ ਨੂੰ ਮਿਲਣ ਪਹੁੰਚੀਆਂ ਸਨ। ਆਗੂਆਂ ਨੇ ਦੱਸਿਆ ਕਿ ਉਹ ਸਰਕਾਰ ਦੇ ਅਹਿਮ ਹਿੱਸੇ ਹਰਪਾਲ ਸਿੰਘ ਚੀਮਾ ਨੂੰ ਸਿਰਫ਼ ਇਹ ਸਵਾਲ ਕਰਨ ਆਏ ਸਨ ਕਿ ਸਰਕਾਰ ਆਪਣੇ ਚਾਰ ਸਾਲਾਂ ਦੇ ਜਸ਼ਨ ਤਾਂ ਮਨਾ ਰਹੀ ਹੈ, ਪਰ ਚੋਣਾਂ ਵੇਲੇ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦਾ ਕੀਤਾ ਵਾਅਦਾ ਅਜੇ ਤੱਕ ਅਧੂਰਾ ਕਿਉਂ ਹੈ?
ਵਿਧਾਨ ਸਭਾ ਸੈਸ਼ਨ 'ਚ ਚਰਚਾ ਨਾ ਹੋਣ 'ਤੇ ਚੁੱਕੇ ਸਵਾਲ
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਹਾਲ ਹੀ ਵਿੱਚ ਸੰਪੰਨ ਹੋਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵੀ ਸਰਕਾਰ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਠੋਸ ਕਾਨੂੰਨ ਲਿਆਉਣ ਬਾਰੇ ਚਰਚਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ, "ਮੁੱਖ ਮੰਤਰੀ ਭਗਵੰਤ ਮਾਨ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਹਿੰਦੇ ਸਨ ਕਿ ਸਰਕਾਰ ਸੱਥਾਂ ਵਿੱਚੋਂ ਚੱਲੇਗੀ, ਪਰ ਅੱਜ ਉਨ੍ਹਾਂ ਦੇ ਦੁਆਰ ਆਈ ਜਨਤਾ ਨੂੰ ਮਿਲਣ ਲਈ ਵੀ ਮੰਤਰੀਆਂ ਕੋਲ ਸਮਾਂ ਨਹੀਂ ਹੈ।"
ਸਮਾਣਾ ਟਾਵਰ 'ਤੇ ਜਾਰੀ ਸੰਘਰਸ਼ ਦੀ ਹਮਾਇਤ
ਜ਼ਿਕਰਯੋਗ ਹੈ ਕਿ ਬੇਅਦਬੀ ਦੇ ਖ਼ਿਲਾਫ਼ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ ਸਮਾਣਾ ਵਿਖੇ ਇੱਕ ਸਿੰਘ ਪਿਛਲੇ ਲੰਮੇ ਸਮੇਂ ਤੋਂ ਟਾਵਰ 'ਤੇ ਚੜ੍ਹ ਕੇ ਧਰਨਾ ਦੇ ਰਿਹਾ ਹੈ। ਉਸ ਦੀ ਹਮਾਇਤ ਵਿੱਚ ਅੱਜ ਸਾਰੇ ਪੰਜਾਬ ਵਿੱਚ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
2027 ਦੀ ਚੋਣ ਲਈ ਚਿਤਾਵਨੀ
ਰੋਸ ਪ੍ਰਦਰਸ਼ਨ ਦੌਰਾਨ ਆਗੂਆਂ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਜੇਕਰ ਸਰਕਾਰ ਦਾ ਜਨਤਾ ਅਤੇ ਸੰਗਤ ਪ੍ਰਤੀ ਇਹੀ ਰਵੱਈਆ ਰਿਹਾ, ਤਾਂ ਆਉਣ ਵਾਲੀ 2027 ਦੀ ਵਿਧਾਨ ਸਭਾ ਚੋਣ ਵਿੱਚ ਲੋਕ ਵੀ ਸਰਕਾਰ ਪ੍ਰਤੀ ਅਜਿਹੀ ਹੀ ਬੇਰੁਖੀ ਅਪਣਾ ਸਕਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਨਹੀਂ ਬਣਦਾ, ਇਹ ਧਰਮ ਯੁੱਧ ਮੋਰਚਾ ਜਾਰੀ ਰਹੇਗਾ।