ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਵਾਂਗੇ : ਗੋਇਲ
ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਵਾਂਗੇ : ਗੋਇਲ
Publish Date: Wed, 14 Jan 2026 04:09 PM (IST)
Updated Date: Thu, 15 Jan 2026 04:01 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਕੁਝ ਸ਼ਰਾਰਤੀ ਕਿਸਮ ਦੇ ਲੋਕ ਸਰਕਾਰੀ ਅਤੇ ਕੁਝ ਨਿੱਜੀ ਸਕੂਲਾਂ ਨੂੰ ਬੰਬਾਂ ਉਡਾਉਣ ਦੀ ਧਮਕੀ ਦੇ ਰਹੇ ਹਨ ਪ੍ਰੰਤੂ ਸਰਕਾਰ ਇਨਾਂ ਨੂੰ ਸਖਤੀ ਨਾਲ ਨਜਿੱਠ ਰਹੀ ਹੈ। ਇਹ ਵਿਚਾਰ ਪੰਜਾਬ ਦੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਸਾਂਝੇ ਕਰਦਿਆਂ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਕੋਈ ਭੰਗ ਨਹੀਂ ਕਰ ਸਕਦਾ। ਜਿਸ ਦੀ ਅਜਿਹੀ ਸੋਚ ਹੈ ਉਸ ਨੂੰ ਸਰਕਾਰ ਪੂਰੀ ਤਰ੍ਹਾਂ ਆੜੇ ਹੱਥੀ ਲਵੇਗੀ, ਬੇਸ਼ਕ ਕੋਈ ਵੀ ਸਖਤ ਕਦਮ ਚੁੱਕਣਾ ਪਿਆ ਤਾਂ ਉਸ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਸੀਂ ਸਖਤ ਤੋਂ ਸਖਤ ਕਦਮ ਚੁੱਕ ਵੀ ਰਹੇ ਹਾਂ। ਉਹਨਾਂ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਨੂੰ ਵੀ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਉਂਕਿ ਜੇਕਰ ਪੂਰੇ ਦੇਸ਼ ਵਿੱਚੋਂ ਅਮਨ ਸ਼ਾਂਤੀ ਦੀ ਸਥਿਤੀ ਵਧੀਆ ਹੈ ਤਾਂ ਉਹ ਪੰਜਾਬ ਵਿੱਚ ਹੀ ਹੈ। ਉਨਾਂ ਉਦਾਹਰਨ ਦਿੰਦਿਆਂ ਕਿਹਾ ਕਿ ਦੇਸ਼ ਵਿਦੇਸ਼ਾਂ ਵਿੱਚੋਂ ਹਜ਼ਾਰਾਂ ਕਰੋੜ ਰੁਪਏ ਦੀ ਇਨਵੈਸਟਮੈਂਟ ਪੰਜਾਬ ਆ ਰਹੀ ਹੈ ਜਿਸ ਤੋਂ ਸਾਫ ਹੁੰਦਾ ਹੈ ਕਿ ਪੰਜਾਬ ਦੀ ਸਥਿਤੀ ਹੋਰਾਂ ਸੂਬਿਆਂ ਨਾਲੋਂ ਬਿਹਤਰ ਹੈ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ, ਕਿ ਸ੍ਰੀ ਅਕਾਲ ਤਖਤ ਸਰਬ ਉੱਚ ਹੈ ਅਤੇ ਅਸੀਂ ਪੂਰਨ ਸਤਿਕਾਰ ਕਰਦੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੁੱਖ ਮੰਤਰੀ ਨੂੰ ਬੁਲਾਇਆ ਗਿਆ ਹੈ। ਜਿਸ ਕਾਰਨ ਮੁੱਖ ਮੰਤਰੀ ਵੀਰਵਾਰ ਦੇ ਸਾਰੇ ਰੁਝੇਵੇਂ ਛੱਡ ਕੇ ਜਾਣਗੇ। ਜਦੋਂ ਕਿ ਰਾਸ਼ਟਰਪਤੀ ਆ ਰਹੇ ਹਨ ਪ੍ਰੰਤੂ ਉਹਨਾਂ ਨੇ ਰਾਸ਼ਟਰਪਤੀ ਭਵਨ ਨੂੰ ਵੀ ਲਿਖ ਕੇ ਦੇ ਦਿੱਤਾ ਹੈ। ਹੁਣ ਸੀਐੱਮ ਮਾਨ ਦੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕੀ ਪੁੱਛਦੇ ਹਨ ਅਤੇ ਕੀ ਕਹਿੰਦੇ ਹਨ। ਵੀਰਵਾਰ ਸ਼ਾਮ ਤੱਕ ਸਾਰੀ ਸਥਿਤੀ ਸਪਸ਼ਟ ਹੋ ਜਾਵੇਗੀ। ਇਸ ਸਮੇਂ ਉਨ੍ਹਾਂ ਨਾਲ ਓਐੱਸਡੀ ਰਕੇਸ਼ ਗੁਪਤਾ, ਫੈੱਡਰੇਸ਼ਨ ਆਫ਼ ਆੜਤੀਆ ਐਸੋਸੀਏਸ਼ਨ ਦੇ ਸੂਬਾ ਵਾਈਸ ਪ੍ਰਧਾਨ ਜੀਵਨ ਕੁਮਾਰ ਰੱਬੜ, ਆਪ ਦੇ ਸੀਨੀਅਰ ਆਗੂ ਅਜੇ ਕੁਮਾਰ ਠੋਲੀ, ਰਮੇਸ਼ ਕੁਮਾਰ ਮੌਜੂਦ ਸਨ।