ਜਲ ਸਪਲਾਈ ਤੇ ਸੀਵਰੇਜ ਪ੍ਰਾਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇ : ਡੀਸੀ
ਜਲ ਸਪਲਾਈ ਅਤੇ ਸੀਵਰੇਜ ਪ੍ਰੋਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇ: ਡਿਪਟੀ ਕਮਿਸ਼ਨਰ
Publish Date: Mon, 09 Feb 2026 05:29 PM (IST)
Updated Date: Tue, 10 Feb 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਤੇ ਹੰਡਿਆਇਆ ’ਚ ਜਲ ਸਪਲਾਈ ਅਤੇ ਸੀਵਰੇਜ ਪ੍ਰੋਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਨੇਪਰੇ ਚੜ੍ਹਿਆ ਜਾਵੇ ਤਾਂ ਜੋ ਕਿ ਲੋਕਾਂ ਨੂੰ ਦਿੱਕਤ ਪੇਸ਼ ਨਾ ਆਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਇਥੇ ਆਪਣੇ ਦਫ਼ਤਰ ਵਿਖੇ ਜਲ ਸਪਲਾਈ ਅਤੇ ਸੀਵਰੇਜ ਪ੍ਰੋਜੈਕਟਾਂ ਦਾ ਜਾਇਜ਼ਾ ਲੈਂਦਿਆਂ ਕੀਤਾ। ਇਸ ਮੌਕੇ ਉਨ੍ਹਾਂ ਹੰਡਿਆਇਆ ’ਚ ਰਾਈਜ਼ਿੰਗ ਮੇਨ ਪ੍ਰੋਜੈਕਟ ਦਾ ਜਾਇਜ਼ਾ ਲਿਆ ਜਿਸ ਦਾ ਕੰਮ ਜਾਰੀ ਹੈ ਜਿਸ ਤੇ ਡਿਪਟੀ ਕਮਿਸ਼ਨਰ ਨੇ ਸੁਰੱਖਿਆ ਮਾਪਦੰਡ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਚੱਲਦੇ ਕੰਮ ਦੌਰਾਨ ਆਮ ਲੋਕਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ਹਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਇਸ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਜਿਸ ’ਚ ਹੰਡਿਆਇਆ ਸੀਵਰੇਜ ਟ੍ਰੀਟਮੈਂਟ ਪਲਾਂਟ ਵਿਖੇ ਕਰੋੜਾਂ ਦੀ ਲਾਗਤ ਨਾਲ ਰਾਈਜ਼ਿੰਗ ਮੇਨ ਦਾ ਕੰਮ ਸ਼ਾਮਲ ਹੈ। ਇਸ ਪ੍ਰੋਜੈਕਟ ਅਧੀਨ 2.38 ਕਿਲੋਮੀਟਰ ਰਾਈਜ਼ਿੰਗ ਮੇਨ ਨਾਲ ਸੋਧਿਆ ਹੋਇਆ ਪਾਣੀ ਲਸਾੜਾ ਡਰੇਨ ਵਿੱਚ ਪਾਇਆ ਜਾਣਾ ਹੈ ਤਾਂ ਜੋ ਹੰਡਿਆਇਆ ਵਾਸੀਆਂ ਨੂੰ ਗੰਦੇ ਪਾਣੀ ਤੋਂ ਨਿਜਾਤ ਮਿਲ ਸਕੇ। ਇਸ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਬਰਨਾਲਾ ਦੇ ਜਲ ਸਪਲਾਈ ਅਤੇ ਸੀਵਰੇਜ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਗਿਆ ਜਿਨ੍ਹਾਂ ਸਬੰਧੀ ਐਕਸੀਅਨ ਸੀਵਰੇਜ ਬੋਰਡ ਨੇ ਦੱਸਿਆ ਕਿ ਜਲ ਸਪਲਾਈ ਲਈ 30 ਕਿਲੋਮੀਟਰ ਲੰਬੀ ਪਾਈਪਲਾਈਨ ਪਾਈ ਗਈ ਹੈ ਅਤੇ ਨਵੇਂ ਕੁਨੈਕਸ਼ਨ ਦਿੱਤੇ ਗਏ ਹਨ। ਜਲ ਸਪਲਾਈ ਲਈ 4 ਨਵੇਂ ਟਿਊਬਵੈੱਲ ਵਾਰਡ ਨੰਬਰ 26, ਸੇਖਾ ਰੋਡ, ਸੰਘੇੜਾ, ਹੰਡਿਆਇਆ ਬਾਈਪਾਸ ਤੇ ਲਾਏ ਗਏ ਹਨ ਅਤੇ ਚਿੰਟੂ ਪਾਰਕ ਚ ਪੰਜਵੇਂ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਅਮਰੁਤ 2.0 ਅਧੀਨ ਨਵੀਂ ਪਾਈਪਲਾਈਨ ਪਾਉਣ, ਬਰਨਾਲਾ ਸ਼ਹਿਰ ਨੂੰ ਹਰੀਗੜ੍ਹ ਨਹਿਰ ਤੋਂ ਪਾਣੀ ਦੇਣ ਲਈ ਵਾਟਰ ਟ੍ਰੀਟਮੈਂਟ ਪਲਾਂਟ ਲਾਉਣ ਅਤੇ ਸ਼ਹਿਰ ਦੇ ਅਜਿਹੇ ਇਲਾਕੇ ਜਿੱਥੇ ਸੀਵਰੇਜ ਦੀ ਸਮੱਸਿਆ ਜਿਆਦਾ ਆ ਰਹੀ ਹੈ, ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਨ ਉੱਤੇ ਚਰਚਾ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਜਲ ਸਪਲਾਈ ਅਤੇ ਸੀਵਰੇਜ ਸਬੰਧੀ ਦਿੱਕਤ ਨਾ ਆਉਣ ਦਿੱਤੀ ਜਾਵੇ ਅਤੇ ਇਸ ਸਬੰਧੀ ਠੇਕੇਦਾਰ ਦੀ ਲਾਪਰਵਾਹੀ ਜਾਂ ਲੇਟ-ਲਤੀਫੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਮਿਆਰੀ ਅਤੇ ਸਮਾਂਬੱਧ ਕੰਮ ਯਕੀਨੀ ਬਣਾਇਆ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਬੈਂਬੀ, ਐਕਸੀਅਨ ਜਲ ਸਪਲਾਈ ਅਤੇ ਸੀਵਰੇਜ ਬੋਰਡ ਐੱਸ ਐੱਸ ਢਿੱਲੋਂ, ਕਾਰਜ ਸਾਧਕ ਅਫ਼ਸਰ ਨਗਰ ਨਿਗਮ ਬਰਨਾਲਾ ਵਿਸ਼ਾਲਦੀਪ ਅਤੇ ਹੋਰ ਅਧਿਕਾਰੀ/ ਕਰਮਚਾਰੀ ਹਾਜ਼ਰ ਸਨ।