ਪੀੜ੍ਹਤ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਕੀਤਾ ਰੋਡ ਜਾਮ
ਪੀੜ੍ਹਤ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਕੀਤਾ ਰੋਡ ਜਾਮ
Publish Date: Sat, 28 Feb 2026 05:54 PM (IST)
Updated Date: Sat, 28 Feb 2026 05:55 PM (IST)

-ਮਾਮਲਾ ਸਕਾਰਪੀਓ ਗੱਡੀ ਨਾਲ ਵਾਪਰੇ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਦਾ -ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਮਨਪ੍ਰੀਤ ਸਿੰਘ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਬੀਤੀ ਰਾਤ ਸਥਾਨਕ ਕਚਹਿਰੀ ਚੌਕ ਫਲਾਈਓਵਰ ’ਤੇ ਇੱਕ ਸਕਾਰਪੀਓ ਗੱਡੀ ਤੇ ਮੋਟਰਸਾਈਕਲ ਦੀ ਟੱਕਰ ’ਚ ਪਿੰਡ ਉੱਪਲੀ ਦੇ ਦੋ ਨੌਜਵਾਨਾਂ ਦੀ ਹੋਈ ਮੌਤ ਦੇ ਮਾਮਲੇ ’ਚ ਪੀੜਤ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਸਕਾਰਪੀਓ ਗੱਡੀ ’ਚ ਸਵਾਰ ਦੋ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਆਈਟੀਆਈ ਚੌਕ ਅੱਗੇ ਰੋਡ ਜਾਮ ਕਰਦਿਆਂ ਪੁਲਿਸ ਪ੍ਰਸਾਸ਼ਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਸਿੰਗਾਰਾ ਸਿੰਘ, ਬਲਵਿੰਦਰ ਸਿੰਘ, ਬਿੱਕਰ ਸਿੰਘ, ਜਗਸੀਰ ਸਿੰਘ, ਡਾ. ਬੇਅੰਤ ਸਿੰਘ, ਮਹਿੰਦਰ ਸਿੰਘ ਆਦਿ ਨੇ ਦੱਸਿਆ ਕਿ ਸਕਾਰਪੀਓ ਗੱਡੀ ਚਾਲਕ ਵੱਲੋਂ ਇੰਨੀ ਬੇਹਰਿਮੀ ਨਾਲ ਨੌਜਵਾਨਾਂ ਨੂੰ ਦਰੜਿਆ ਗਿਆ ਹੈ ਕਿ ਉਨ੍ਹਾਂ ਦੇ ਚਹਿਰੇ ਤੱਕ ਵੀ ਪਛਾਣ ’ਚ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਕਾਰ ਚਾਲਕ ਨੇ ਗਲਤ ਸਾਈਡ ਆ ਕੇ ਬੜੀ ਲਾਪ੍ਰਵਾਹੀ ਨਾਲ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ਕਾਰਨ ਨੌਜਵਾਨ ਅਮਨਪ੍ਰੀਤ ਸਿੰਘ (19) ਤੇ ਸੰਦੀਪ ਸਿੰਘ (28) ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਇੱਕ ਸਾਥੀ ਰਮਨਦੀਪ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਸਕਾਰਪੀਓ ਗੱਡੀ ਚਾਲਕ ਗੱਡੀ ਛੱਡ ’ਤੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਗੱਡੀ ਚਾਲਕਾਂ ਖਿਲਾਫ਼ ਸਖਤ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ’ਚ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਗੱਡੀ ਚਾਲਕਾਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪ੍ਰਦਰਸ਼ਨ ਦੌਰਾਨ ਮ੍ਰਿਤਕ ਅਮਨਪ੍ਰੀਤ ਸਿੰਘ ਦੇ ਪਿਤਾ ਸ਼ਿੰਗਾਰਾ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਉਸ ਦਾ ਇਕਲੌਤਾ ਪੁੱਤਰ ਸੀ। ਜੋ ਸਰਕਾਰੀ ਸਕੂਲ ਫ਼ਰਵਾਹੀ ਵਿਖੇ ਪੜ੍ਹਾਈ ਕਰਦਾ ਸੀ ਅਤੇ ਬਰਨਾਲਾ ਵਿਖੇ ਉਹ ਪੇਪਰ ਦੇ ਰਿਹਾ ਹੈ। ਜੋ ਬੀਤੀ ਰਾਤ ਆਪਣੇ ਦੋਸਤ ਸੰਦੀਪ ਸਿੰਘ ਜੋ ਨਕੇਸਿਆਂ ਦਾ ਕੰਮ ਕਰਦਾ ਹੈ ਉਸ ਨਾਲ ਆਇਆ ਸੀ। ਪਰ ਸਕਾਰਪੀਓ ਗੱਡੀ ਚਾਲਕ ਨੇ ਉਨ੍ਹਾਂ ਨੂੰ ਬੇਰਹਿਮੀ ਨਾਲ ਦਰੜਿਆ ਹੈ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੀੜ੍ਹਤ ਪਿਤਾ ਨੇ ਪੁਲਿਸ ਪ੍ਰਸਾਸ਼ਨ ਪਾਸੋ ਗੱਡੀ ਚਾਲਕਾਂ ਦੇ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।