ਵੈਕਸੀਨੇਸ਼ਨ ਨਾਲ ਕੈਂਸਰ ਦੇ ਖ਼ਤਰੇ ਨੂੰ 90 ਫ਼ੀਸਦੀ ਘਟਾਇਆ ਜਾ ਸਕਦੈ : ਡਾ. ਮਹੀਪ
ਵੈਕਸੀਨੇਸ਼ਨ ਨਾਲ ਕੈਂਸਰ ਦੇ ਖ਼ਤਰੇ ਨੂੰ 90 ਫ਼ੀਸਦ ਘਟਾਇਆ ਜਾ ਸਕਦੈ : ਡਾ. ਮਹੀਪ
Publish Date: Wed, 11 Mar 2026 04:26 PM (IST)
Updated Date: Wed, 11 Mar 2026 04:30 PM (IST)
- ਕੈਂਸਰ ਤੋਂ ਬਚਾਅ ਲਈ ਐੱਚਪੀਵੀ ਵੈਕਸੀਨੇਸ਼ਨ ਮੁਹਿੰਮ ਜਾਰੀ
- ਬਿਨਾਂ ਕਿਸੇ ਡਰ ਜਾਂ ਅਫਵਾਹ ਦੇ ਧੀਆਂ ਦਾ ਟੀਕਾਕਰਨ ਜ਼ਰੂਰ ਕਰਵਾਓ : ਐੱਸਐੱਮਓ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਸਿਵਲ ਸਰਜਨ ਡਾ. ਅਮਰਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਹੀਪ ਕੌਰ ਦੀ ਅਗਵਾਈ ਵਿੱਚ ਸੀਐੱਚਸੀ ਭਵਾਨੀਗੜ੍ਹ ਵਿਖੇ ਘਾਤਕ ਬਿਮਾਰੀ ਸਰਵਾਈਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦਾ ਕੈਂਸਰ) ਤੋਂ ਬਚਾਅ ਲਈ ਐੱਚਪੀਵੀ ‘ਹਿਊਮਨ ਪੈਪੀਲੋਮਾ ਵਾਇਰਸ’ ਵੈਕਸੀਨੇਸ਼ਨ ਮੁਹਿੰਮ ਜਾਰੀ ਹੈ। ਡਾ. ਮਹੀਪ ਕੌਰ ਨੇ ਦੱਸਿਆ ਕਿ ਇਹ ਮੁਹਿੰਮ 3 ਮਹੀਨੇ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਹ ਐੱਚਪੀਵੀ ਵੈਕਸੀਨ 14 ਤੋਂ 15 ਸਾਲ ਤੱਕ ਦੀਆਂ ਲੜਕੀਆਂ ਲਈ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ਵਿੱਚ ਔਰਤਾਂ ਵਿੱਚ ਸਰਵਾਈਕਲ ਕੈਂਸਰ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਇਹ ਅਹਿਮ ਕਦਮ ਚੁੱਕਿਆ ਗਿਆ ਹੈ ਤਾਂ ਜੋ ਭਵਿੱਖ ਵਿੱਚ ਇਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਹਿਊਮਨ ਪੈਪੀਲੋਮਾ ਵਾਇਰਸ ਸਰਵਾਈਕਲ ਕੈਂਸਰ ਦਾ ਮੁੱਖ ਕਾਰਨ ਹੈ ਅਤੇ ਜੇਕਰ ਸਹੀ ਉਮਰ ਵਿੱਚ ਇਹ ਟੀਕਾਕਰਨ ਕਰਵਾ ਲਿਆ ਜਾਵੇ, ਤਾਂ ਇਸ ਕੈਂਸਰ ਦੇ ਖ਼ਤਰੇ ਨੂੰ ਲਗਭਗ 90 ਫ਼ੀਸਦੀ ਤੱਕ ਘਟਾਇਆ ਜਾ ਸਕਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ ਕੌਰ ਨੇ ਅਪੀਲ ਕੀਤੀ ਕਿ ਮਾਪੇ ਬਿਨਾਂ ਕਿਸੇ ਡਰ ਜਾਂ ਅਫਵਾਹ ਦੇ ਆਪਣੀਆਂ ਧੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ। ਇਹ ਵੈਕਸੀਨ ਮੁਫ਼ਤ ਲਗਾਈ ਜਾ ਰਹੀ ਹੈ। ਬਲਾਕ ਐਜੂਕੇਟਰ ਗੁਰਵਿੰਦਰ ਸਿੰਘ ਨੇ ਸਮੂਹ ਨਾਗਰਿਕਾਂ ਨੂੰ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਮਲਟੀਪਰਪਜ਼ ਸਿਹਤ ਸੁਪਰਵਾਈਜਰ (ਫੀਮੇਲ) ਰਾਧਾ ਰਾਣੀ, ਬਲਵਿੰਦਰ ਕੌਰ ਆਦਿ ਹਾਜ਼ਰ ਸਨ।