ਹੱਡੀਆਂ ਨਾਲ ਸਬੰਧਤ ਬਿਮਾਰੀਆਂ ਤੋਂ ਲਾਪ੍ਰਵਾਹ ਨਾ ਹੋਵੋ: ਡਾ. ਪ੍ਰਦੀਪ ਸ਼ਰਮਾ
ਹੱਡੀਆਂ ਨਾਲ ਸਬੰਧਤ ਬਿਮਾਰੀਆਂ ਤੋਂ ਲਾਪ੍ਰਵਾਹ ਨਾ ਹੋਵੋ: ਡਾ. ਪ੍ਰਦੀਪ ਸ਼ਰਮਾ
Publish Date: Sat, 11 Apr 2026 04:49 PM (IST)
Updated Date: Sun, 12 Apr 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਅਜੋਕੀ ਭੱਜ-ਦੌੜ ਭਰੀ ਜ਼ਿੰਦਗੀ ਤੇ ਬਦਲਦੇ ਖਾਣ-ਪੀਣ ਕਾਰਨ ਹੱਡੀਆਂ ਤੇ ਜੋੜਾਂ ਨਾਲ ਜੁੜੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਬਰਨਾਲਾ ਦੇ ਪ੍ਰਸਿੱਧ ਪ੍ਰਦੀਪ ਮਲਟੀਸਪੈਸ਼ਲਿਸਟ ਹਸਪਤਾਲ ਬਰਨਾਲਾ ਦੇ ਐੱਮਡੀ ਡਾ. ਪ੍ਰਦੀਪ ਸ਼ਰਮਾ ਤੇ ਡਾ. ਕਰਨ ਸ਼ਰਮਾ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੱਡੀਆਂ ਦੇ ਦਰਦ, ਖਾਸ ਕਰ ਕੇ ਗੋਡਿਆਂ ਦੇ ਦਰਦ ਨੂੰ ਸ਼ੁਰੂਆਤੀ ਪੜਾਅ ’ਚ ਨਜ਼ਰਅੰਦਾਜ਼ ਕਰਨਾ ਭਵਿੱਖ ’ਚ ਗੰਭੀਰ ਅਪੰਗਤਾ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਤੇ ਸਹੀ ਜੀਵਨਸ਼ੈਲੀ ਅਪਣਾ ਕੇ ਕਈ ਵੱਡੀਆਂ ਸਰਜਰੀਆਂ ਤੋਂ ਬਚਿਆ ਜਾ ਸਕਦਾ ਹੈ। ਡਾ. ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਗੋਡਿਆਂ ਤੇ ਕੂਲਿਆਂ ਦੇ ਦਰਦ ਦਾ ਸਭ ਤੋਂ ਪ੍ਰਮੁੱਖ ਕਾਰਨ ਵਧਦਾ ਹੋਇਆ ਮੋਟਾਪਾ ਹੈ। ਸਰੀਰ ਦਾ ਪੂਰਾ ਭਾਰ ਸਾਡੇ ਗੋਡਿਆਂ ’ਤੇ ਟਿਕਿਆ ਹੁੰਦਾ ਹੈ। ਜਦੋਂ ਭਾਰ ਆਮ ਨਾਲੋਂ ਜ਼ਿਆਦਾ ਹੋ ਜਾਂਦਾ ਹੈ, ਤਾਂ ਜੋੜਾਂ ’ਤੇ ਵਾਧੂ ਦਬਾਅ ਪੈਂਦਾ ਹੈ, ਜਿਸ ਨਾਲ ਕਾਰਟੀਲੇਜ (ਹੱਡੀਆਂ ਦੇ ਵਿਚਕਾਰਲੀ ਮੁਲਾਇਮ ਪਰਤ) ਘਿਸਣ ਲੱਗਦੀ ਹੈ। ਇਸ ਤੋਂ ਇਲਾਵਾ, ਘੰਟਿਆਂ ਬੱਧੀ ਇਕੋ ਜਗ੍ਹਾ ਬੈਠ ਕੇ ਕੰਮ ਕਰਨਾ ਤੇ ਸਰੀਰਕ ਕਸਰਤ ਦੀ ਕਮੀ ਹੱਡੀਆਂ ਨੂੰ ਕਮਜ਼ੋਰ ਬਣਾ ਰਹੀ ਹੈ। ਜੋੜਾਂ ਦਾ ਦਰਦ ਸਿਰਫ ਬਜ਼ੁਰਗਾਂ ਚ ਦੇਖਿਆ ਜਾਂਦਾ ਸੀ ਪਰ ਹੁਣ 30 ਤੋਂ 50 ਸਾਲ ਦੀ ਉਮਰ ਦੇ ਲੋਕ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ।