41 ਨਵਜੰਮੀਆਂ ਬੱਚੀਆਂ ਦੀ ਮਨਾਈ ਲੋਹੜੀ
ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਬਰਨਾਲਾ ਵਲੋਂ 41 ਨਵਜੰਮੀਆਂ ਬੱਚੀਆਂ ਦੀ ਮਨਾਈ ਲੋਹੜੀ
Publish Date: Mon, 12 Jan 2026 05:30 PM (IST)
Updated Date: Tue, 13 Jan 2026 04:06 AM (IST)

ਸਮਾਗਮ ’ਚ ਬਾਬੂ ਲੱਖਪਤ ਰਾਏ ਤੇ ਸ਼ੁਭਮ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਉਪਕਾਰ ਕੋਆਰਡੀਨੇਸ਼ਨ ਸੁਸਾਇਟੀ (ਰਜਿ.) ਬਰਨਾਲਾ ਵਲੋਂ 41 ਨਵਜੰਮੀਆਂ ਬੱਚੀਆਂ ਦੀ ਲੋਹੜੀ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਮਨਾਈ ਗਈ। ਇਸ ਸਬੰਧੀ ਪ੍ਰਧਾਨ ਨੀਰਜ ਸਿੰਗਲਾ ਤੇ ਪ੍ਰੈਸ ਸਕੱਤਰ ਸੰਗੀਤ ਸ਼ਰਮਾ ਨੇ ਦੱਸਿਆ ਕਿ ਉਪਕਾਰ ਸੋਸਾਇਟੀ ਵਲੋਂ ਹਰ ਸਾਲ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਜਾਂਦੀ ਹੈ। ਇਸ ਲੜੀ ਤਹਿਤ ਸੋਸਾਇਟੀ ਵਲੋਂ ਇਸ ਸਾਲ ਵੀ 41 ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ। ਲੋਹੜੀ ਮਨਾਉਣ ਦਾ ਮਕਸਦ ਲੜਕੇ ਤੇ ਲੜਕੀ ’ਚ ਭੇਦਭਾਵ ਮਿਟਾਉਣਾ ਹੈ। ਸੋਸਾਇਟੀ ਦੇ ਅਜਿਹੇ ਸਮਾਗਮ ਪ੍ਰਭਾਤ ਫੇਰੀਆਂ ਤੇ ਨਾਟਕ ਭਵਿੱਖ ’ਚ ਇਸ ਤਰਾਂ ਹੀ ਜਾਰੀ ਰਹਿਣਗੇ ਤਾਂ ਜੋ ਸਮਾਜ ਨੂੰ ਅਜਿਹੀਆਂ ਕੁਰੀਤੀਆਂ ਤੋਂ ਬਚਾਇਆ ਜਾ ਸਕੇ। ਇਸ ਨਵਜੰਮੀਆਂ ਬੱਚੀਆਂ ਦੇ ਸਨਮਾਨ ਸਮਾਰੋਹ ’ਚ ਮੁਖ ਮਹਿਮਾਨ ਵਜੋਂ ਬਾਬੂ ਲੱਖਪਤ ਰਾਏ ਐੱਲਪੀ ਰਾਏ ਡਿਵੈੱਲਪਰਸ ਪ੍ਰਾਈਵੇਟ ਲਿਮਟਿਡ ਪਹੁੰਚੇ। ਜਿਨ੍ਹਾਂ ਨੇ ਸੋਸਾਇਟੀ ਨੂੰ 25 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਦਿੱਤੀ ਗਈ। ਇਸ ਮੌਕੇ ਬਾਬੂ ਲੱਖਪਤ ਰਾਏ ਤੇ ਸ਼ੁਭਮ ਵਲੋਂ ਨਵਜੰਮੀ ਬੱਚੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਗਿਫ਼ਟ ਪੈਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਉਪ ਪ੍ਰਧਾਨ ਸਰਬਸੁਖਜੀਤ ਸਿੰਘ ਸ਼ੀਤਲ ਤੇ ਜਨਰਲ ਸਕੱਤਰ ਸੁਭਾਸ਼ ਭਾਰਤੀ ਵਲੋਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧੀਆਂ ਨੂੰ ਕੁੱਖ ’ਚ ਨਾ ਮਾਰਿਆ ਜਾਵੇ। ਧੀਆਂ ਦਾ ਵੀ ਪੁੱਤਰਾਂ ਵਾਂਗੂ ਸਨਮਾਨ ਕੀਤਾ ਜਾਵੇ ਤੇ ਵੱਧ ਤੋਂ ਵੱਧ ਧੀਆਂ ਨੂੰ ਪੜ੍ਹਾਇਆ ਜਾਵੇ ਤਾਂ ਜੋ ਇਹ ਵਿੱਦਿਆ ਦੇ ਖੇਤਰ ’ਚ ਉਚਾਈਆਂ ਹਾਸਲ ਕਰ ਸਕਣ। ਖ਼ਜ਼ਾਨਚੀ ਵਿਸ਼ਾਲ ਗਰਗ ਨੇ ਸਮੂਹ ਹਾਜ਼ਰੀਨ ਨੂੰ ਉਪਕਾਰ ਸੋਸਾਇਟੀ ਦੇ ਕਾਰਜਾਂ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ ਗਈ ਤੇ ਸਮਾਗਮ ’ਚ ਆਈਆਂ ਸ਼ਖਸ਼ੀਅਤਾਂ ਨੂੰ ਜੀ ਆਇਆਂ ਕਿਹਾ ਗਿਆ। ਨਵਜੰਮੀਆਂ ਧੀਆਂ ਤੇ ਹੋਣਹਾਰ ਵਿਦਿਆਰਥਣਾਂ ਨੂੰ ਸੁਨਿਤਿੰਦਰ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਰਨਾਲਾ, ਡਾਕਟਰ ਬਰਜਿੰਦਰ ਪਾਲ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਰਨਾਲਾ ਵਲੋਂ ਸਨਮਾਨਿਤ ਕਰਨ ਉਪਰੰਤ ਅਪੀਲ ਕਰਦਿਆਂ ਕਿਹਾ ਕਿ ਧੀਆਂ ਨੂੰ ਕੁੱਖ ’ਚ ਨਾ ਮਾਰਿਆ ਜਾਵੇ। ਉਨ੍ਹਾਂ ਸੁਸਾਇਟੀ ਦੇ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਹੀ ਭਰੂਣ ਹੱਤਿਆ ਵਰਗੀਆਂ ਭੈੜੀਆਂ ਕੁਰੀਤੀਆਂ ਨੂੰ ਖਤਮ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਬਲਜੀਤ ਨਾਟਕ ਟੀਮ ਕ੍ਰਾਂਤੀ ਕਲਾ ਮੰਚ ਮੋਗਾ ਵਲੋਂ ਭਰੂਣ ਹੱਤਿਆ ਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਇਨ੍ਹਾਂ ਕੁਰੀਤੀਆਂ ਤੋਂ ਬਚਣ ਲਈ ਨਾਟਕ ਰਾਹੀਂ ਸੁਚੇਤ ਕੀਤਾ ਗਿਆ। ਇਸ ਨਾਟਕ ਨੇ ਹਾਜ਼ਰੀਨ ਨੂੰ ਜਿਥੇ ਭਾਵੁਕ ਕੀਤਾ, ਉੱਥੇ ਉਨ੍ਹਾਂ ਦੇ ਮਨਾਂ ਉੱਪਰ ਡੂੰਘਾ ਅਸਰ ਪਾਇਆ। ਸਮਾਰੋਹ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਲੜਕੇ ਬਰਨਾਲਾ ਦੀਆਂ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਵਿੱਦਿਆ ਦੇ ਖੇਤਰ ’ਚ ਸ਼ਾਨਦਾਰ ਪ੍ਰਾਪਤੀਆਂ ਪ੍ਰਾਪਤ ਕਰਨ ਵਾਲੀਆਂ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਸੁਖਪਾਲ ਤੇ ਰੀਤਾ ਰਾਣੀ ਵਲੋਂ ਬੜੀ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਸਰਵਹਿੱਤਕਾਰੀ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਜੀਵਨ ਮੋਦੀ ਐਡਵੋਕੇਟ, ਲੱਖਪਤ ਰਾਏ ਦੇ ਪੋਤੇ ਸ਼ੁਭਮ, ਪ੍ਰੋਗਰੈਸਿਵ ਸੀਨੀਅਰ ਸਿਟੀਜਨ ਸੋਸਾਇਟੀ, ਸਮਾਈਲ ਫਾਰਐਵਰ ਤੇ ਨੇਚਰ ਲਵਰ ਦੇ ਅਹੁਦੇਦਾਰ, ਸੋਸਾਇਟੀ ਦੇ ਮੁਖ ਸੇਵਾਦਾਰ ਗੁਰਦੀਪ ਬਾਂਸਲ ਮੰਟੂ, ਪ੍ਰਿੰਸੀਪਲ ਹਰੀਸ਼ ਬਾਂਸਲ, ਕੋਰ ਕਮੇਟੀ ਮੈਂਬਰ ਡਾਕਟਰ ਰਾਕੇਸ਼ ਸਿੰਗਲਾ, ਮਾਸਟਰ ਕੰਵਲਦੀਪ ਸਿੰਘ, ਜਯੋਤੀ ਸ਼ਰਨ ਚਾਰਟਰਡ ਅਕਾਊਂਟੈਂਟ, ਭਾਰਤ ਭੂਸ਼ਣ ਭਾਰਤੀ, ਮੈਂਬਰ ਵਿਜੇ ਗਰਗ, ਜਸਪਾਲ ਬਾਵਾ, ਵਿਜੇ ਗੋਇਲ, ਵਿਜੇ ਗੁਪਤਾ, ਰਜਿੰਦਰ ਮਿੱਤਲ, ਮੁਕੇਸ਼ ਕਾਂਸਲ, ਸ਼ਿਵਾਨੀ ਕਾਂਸਲ, ਇਸ਼ ਸਿੰਗਲਾ, ਅਸ਼ੋਕ ਕੁਮਾਰ, ਰੁਪਿੰਦਰ ਸਿੰਘ, ਰੇਨੂੰ ਬਾਲਾ, ਬਾਲਾ ਸੁੰਦਰੀ, ਕਾਜਲ ਗਰਗ, ਜਾਨਕੀ, ਰੇਨੂੰ ਗਰਗ, ਸ਼ਿਫਾਲੀ ਨੇ ਆਪਣੀ ਡਿਊਟੀ ਬਾਖੂਬੀ ਨਿਭਾ ਕੇ ਸਮਾਗਮ ਨੂੰ ਸਫਲ ਬਣਾਇਆ।