ਹੰਡਿਆਇਆ ’ਚ ਸਿਆਸੀ ਖਿੱਚੋਤਾਣ ਦੀ ਭੇਟ ਚੜ੍ਹਿਆ ਸੁਪਰ ਸਪੈਸ਼ਲਿਟੀ ਹਸਪਤਾਲ
ਹੰਡਿਆਇਆ ਵਿਖੇ ਸਿਆਸੀ ਖਿੱਚੋਤਾਣ ਦੀ ਭੇਂਟ ਚੜ੍ਹਿਆ ਸੁਪਰ ਸਪੈਸ਼ਲਿਟੀ ਹਸਪਤਾਲ
Publish Date: Mon, 06 Apr 2026 05:45 PM (IST)
Updated Date: Tue, 07 Apr 2026 04:03 AM (IST)

ਨਾ ਬਣਿਆ ਸਿਹਤ ਕੇਂਦਰ ਤੇ ਨਾ ਹੀ ਖੇਡ ਸਟੇਡੀਅਮ, 7 ਏਕੜ ਕੀਮਤੀ ਜ਼ਮੀਨ ਹੁਣ ਕੂੜੇ ਤੇ ਮਲਬੇ ਦਾ ਡੰਪ ਬਣੀ ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਨੈਸ਼ਨਲ ਹਾਈਵੇ-7 ’ਤੇ ਸਥਿਤ ਹੰਡਿਆਇਆ ਵਿਖੇ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਰਾਖਵੀਂ ਰੱਖੀ ਗਈ 7 ਏਕੜ ਜ਼ਮੀਨ ਅੱਜ ਸਰਕਾਰਾਂ ਦੀ ਸਿਆਸੀ ਅਦਲਾ-ਬਦਲੀ ਤੇ ਪ੍ਰਸ਼ਾਸਨਿਕ ਬੇਰੁਖ਼ੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਹੀ ਹੈ। ਪਿਛਲੀ ਕਾਂਗਰਸ ਸਰਕਾਰ ਵੱਲੋਂ ਇਸ ਅਹਿਮ ਸਥਾਨ ’ਤੇ ਇਕ ਵਿਸ਼ਾਲ ਸੁਪਰ ਸਪੈਸ਼ਲਿਟੀ ਹਸਪਤਾਲ ਬਣਾਉਣ ਦਾ ਫੈਸਲਾ ਲਿਆ ਗਿਆ ਸੀ ਤੇ ਇਸ ਦਾ ਬਾਕਾਇਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ, ਤਾਂ ਜੋ ਬਰਨਾਲਾ ਤੇ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ’ਚ ਨਾ ਜਾਣਾ ਪਵੇ। ਪਰ ਸੂਬੇ ’ਚ ਸੱਤਾ ਪਰਿਵਰਤਨ ਹੁੰਦੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਪ੍ਰਾਜੈਕਟ ਦੀ ਰੂਪ-ਰੇਖਾ ਬਦਲਦਿਆਂ ਇੱਥੇ ਹਸਪਤਾਲ ਦੀ ਬਜਾਏ ਅਤਿ-ਆਧੁਨਿਕ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕਰ ਦਿੱਤਾ। ਬੜੀ ਹੈਰਾਨੀ ਤੇ ਅਫਸੋਸ ਦੀ ਗੱਲ ਹੈ ਕਿ ਸਰਕਾਰ ਬਦਲਦਿਆਂ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਜਗ੍ਹਾ ’ਤੇ ਨਾ ਤਾਂ ਹਸਪਤਾਲ ਦੀ ਇਮਾਰਤ ਖੜ੍ਹੀ ਹੋ ਸਕੀ ਅਤੇ ਨਾ ਹੀ ਖਿਡਾਰੀਆਂ ਲਈ ਖੇਡ ਮੈਦਾਨ ਤਿਆਰ ਹੋਇਆ। ਇਸ ਦੀ ਬਜਾਏ, ਅੱਜ ਇਸ 7 ਏਕੜ ਜ਼ਮੀਨ ਦੀ ਹਾਲਤ ਬੇਹੱਦ ਤਰਸਯੋਗ ਹੋ ਚੁੱਕੀ ਹੈ, ਜਿੱਥੇ ਚਾਰੇ ਪਾਸੇ ਸ਼ਹਿਰ ਭਰ ਦੀ ਗੰਦਗੀ, ਕੂੜੇ ਦੇ ਵਿਸ਼ਾਲ ਢੇਰ ਅਤੇ ਪੁਰਾਣੀਆਂ ਇਮਾਰਤਾਂ ਦਾ ਭਾਰੀ ਮਲਬਾ ਸੁੱਟਿਆ ਜਾ ਰਿਹਾ ਹੈ। ਵੱਡੇ-ਵੱਡੇ ਪੱਥਰਾਂ ਅਤੇ ਕੂੜੇ ਦੇ ਲੱਗੇ ਇਨ੍ਹਾਂ ਢੇਰਾਂ ਕਾਰਨ ਨੈਸ਼ਨਲ ਹਾਈਵੇ ਤੋਂ ਗੁਜ਼ਰਨ ਵਾਲੇ ਲੋਕਾਂ ਅਤੇ ਖਾਸ ਕਰਕੇ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਦੇ ਨਿਵਾਸੀਆਂ ਦਾ ਜਿਉਣਾ ਦੁਭਰ ਹੋ ਗਿਆ ਹੈ। ਇਸ ਗੰਦਗੀ ’ਚੋਂ ਨਿਕਲਦੀ ਭਿਆਨਕ ਬਦਬੂ ਨੇ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਹੈ ਅਤੇ ਬੇਸਹਾਰਾ ਪਸ਼ੂਆਂ ਦੇ ਜਮਾਵੜੇ ਕਾਰਨ ਹਾਦਸਿਆਂ ਦਾ ਡਰ ਵੀ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ’ਚ ਇਸ ਮੁੱਦੇ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਸਿਹਤ ਅਤੇ ਸਿੱਖਿਆ ਦੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਨੇ ਬਣੀ-ਬਣਾਈ ਯੋਜਨਾ ਨੂੰ ਰੱਦ ਕਰਕੇ ਇਲਾਕੇ ਦੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਲੋਕਾਂ ਨੇ ਸਵਾਲ ਉਠਾਇਆ ਹੈ ਕਿ ਜੇਕਰ ਸਰਕਾਰ ਨੇ ਹਸਪਤਾਲ ਦਾ ਪ੍ਰੋਜੈਕਟ ਰੱਦ ਕੀਤਾ ਸੀ, ਤਾਂ ਸਟੇਡੀਅਮ ਦਾ ਕੰਮ ਹੁਣ ਤੱਕ ਸ਼ੁਰੂ ਕਿਉਂ ਨਹੀਂ ਹੋਇਆ? ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਇਸ ਜਗ੍ਹਾ ਦੀ ਸਫਾਈ ਕਰਵਾ ਕੇ ਇੱਥੇ ਜਨਤਕ ਸਹੂਲਤ ਵਾਲਾ ਪ੍ਰੋਜੈਕਟ ਸ਼ੁਰੂ ਨਾ ਕੀਤਾ ਗਿਆ, ਤਾਂ ਉਹ ਆਉਣ ਵਾਲੇ ਦਿਨਾਂ ’ਚ ਹਾਈਵੇ ਜਾਮ ਕਰਕੇ ਸਰਕਾਰ ਵਿਰੁੱਧ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਨਗੇ।