ਪਿੰਡ ਭੱਦਲਵੱਢ ਵਿਖੇ ਲੁੱਟ-ਖੋਹ ਮਾਮਲੇ ’ਚ ਨਾਮਜ਼ਦ ਦੋਸ਼ੀ ਗ੍ਰਿਫ਼ਤਾਰ
ਅਪਡੇਟ 17 ਨੰਬਰ ਫਾਈਲ ਐਂਡ ਫੋਟੋ
Publish Date: Fri, 09 Jan 2026 06:02 PM (IST)
Updated Date: Sat, 10 Jan 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲਕਲਾਂ : ਥਾਣਾ ਠੁੱਲੀਵਾਲ ਅਧੀਨ ਪੈਂਦੇ ਪਿੰਡ ਭੱਦਲਵੱਢ ਵਿਖੇ ਹੋਈ ਲੁੱਟ-ਖੋਹ ਦੀ ਘਟਨਾ ਦੇ ਮਾਮਲੇ ਵਿਚ ਪੁਲਿਸ ਥਾਣਾ ਠੁੱਲੀਵਾਲ ਦੀ ਪੁਲਿਸ ਪਾਰਟੀ ਨੇ ਇਕ ਨਾਮਜ਼ਦ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਦਕਿ ਉਸਦੇ ਦੂਜੇ ਸਾਥੀ ਦੀ ਭਾਲ ਜਾਰੀ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮੁਹੰਮਦ ਸਰਫ਼ਰਾਜ ਆਲਮ (ਆਈਪੀਐੱਸ) ਦੇ ਦਿਸ਼ਾ-ਨਿਰਦੇਸ਼ਾਂ ਤੇ ਉਪ ਕਪਤਾਨ ਪੁਲਿਸ ਜਸਵਿੰਦਰ ਕੌਰ (ਪੀਪੀਐੱਸ), ਸੀਏਡਬਲਯੂ ਤੇ ਸਾਇਬਰ ਅਪਰਾਧ ਬਰਨਾਲਾ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 6 ਜਨਵਰੀ ਨੂੰ ਦੀਕਸ਼ਾ ਕੋਸਲ ਪਤਨੀ ਸੁਖਵਿੰਦਰ ਸਿੰਘ ਵਾਸੀ ਭੱਦਲਵੱਢ ਵੱਲੋਂ ਸਬ ਇੰਸਪੈਕਟਰ ਜਸਵਿੰਦਰ ਸਿੰਘ ਕੋਲ ਬਿਆਨ ਦਰਜ ਕਰਵਾਇਆ ਗਿਆ ਸੀ ਕਿ ਉਹ ਆਪਣੇ ਪਤੀ ਦੀ ਦਵਾਈ ਲੈਣ ਲਈ ਬਰਨਾਲਾ ਜਾਣ ਵਾਸਤੇ ਚੰਦਲਵੱਢ ਬੱਸ ਅੱਡੇ ’ਤੇ ਖੜ੍ਹੀ ਸੀ। ਇਸ ਦੌਰਾਨ ਮੋਟਰਸਾਈਕਲ ’ਤੇ 2 ਅਣਪਛਾਤੇ ਵਿਅਕਤੀ ਆਏ ਅਤੇ ਉਸਦੇ ਹੱਥ ਵਿਚ ਫੜਿਆ ਪਰਸ, ਜਿਸ ਵਿਚ ਲਗਭਗ 10 ਹਜ਼ਾਰ ਰੁਪਏ ਨਕਦ, ਪਛਾਣ ਪੱਤਰ ਤੇ ਮੋਬਾਈਲ ਸੀ, ਝਪਟ ਮਾਰ ਕੇ ਲਿੰਕ ਸੜਕ ਠੀਕਰੀਵਾਲ ਵੱਲ ਫ਼ਰਾਰ ਹੋ ਗਏ। ਮਾਮਲੇ ਦੀ ਜਾਂਚ ਦੌਰਾਨ ਹਰਮਨ ਸਿੰਘ ਉਰਫ਼ ਲਾਲੂ ਪੁੱਤਰ ਕੁਲਵੰਤ ਸਿੰਘ ਅਤੇ ਪੱਪੂ ਸਿੰਘ ਪੁੱਤਰ ਦਰਸ਼ਨ ਸਿੰਘ ਦੋਵੇਂ ਵਾਸੀ ਮੱਝੂਕੇ ਨੂੰ ਦੋਸ਼ੀ ਕਰਾਰ ਦਿੱਤਾ ਗਿਆ। 8 ਜਨਵਰੀ ਨੂੰ ਦੋਸ਼ੀ ਪੱਪੂ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸਦੇ ਕਬਜ਼ੇ ਵਿੱਚੋਂ ਲੁੱਟਿਆ ਗਿਆ ਮੋਬਾਈਲ ਬਰਾਮਦ ਕੀਤਾ ਗਿਆ, ਜਦਕਿ ਮਾਮਲੇ ’ਚ ਧਾਰਾ 317 (2) ਭਾਰਤੀ ਨਿਆਂ ਸੰਹਿਤਾ ਦਾ ਵਾਧਾ ਕੀਤਾ ਗਿਆ ਹੈ। ਮੁੱਖ ਅਫ਼ਸਰ ਗੁਰਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਸ਼ਾਮਲ ਦੂਜਾ ਦੋਸ਼ੀ ਹਰਮਨ ਸਿੰਘ ਹਾਲੇ ਗ੍ਰਿਫ਼ ਤੋਂ ਬਾਹਰ ਹੈ, ਜਿਸਦੀ ਗ੍ਰਿਫ਼ਤਾਰੀ ਲਈ ਪੁਲਿਸ ਪਾਰਟੀਆਂ ਵੱਲੋਂ ਛਾਪੇਮਾਰੀ ਜਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫ਼ਰਾਰ ਦੋਸ਼ੀ ਪਹਿਲਾਂ ਵੀ ਕਈ ਲੁੱਟ-ਖੋਹ ਦੀਆਂ ਘਟਨਾਵਾਂ ’ਚ ਸ਼ਾਮਲ ਰਹਿ ਚੁੱਕਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਵਧਾਨ ਰਹਿਣ ਤੇ ਕਿਸੇ ਵੀ ਸ਼ੱਕੀ ਘਟਨਾ ਦੀ ਤੁਰੰਤ ਸੂਚਨਾ ਪੁਲਿਸ ਨੂੰ ਦੇਣ, ਤਾਂ ਜੋ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।