ਗੱਡੀ ਸਵਾਰ ਨੌਜਵਾਨਾਂ ’ਤੇ ਕੀਤਾ ਅਣਪਾਛਿਆਂ ਨੇ ਜਾਨਲੇਵਾ ਹਮਲਾ
ਗੱਡੀ ਸਵਾਰ ਨੌਜਵਾਨਾਂ ’ਤੇ ਕੀਤਾ ਅਣਪਾਛਿਆਂ ਨੇ ਜਾਨਲੇਵਾ ਹਮਲਾ
Publish Date: Mon, 20 Apr 2026 06:10 PM (IST)
Updated Date: Tue, 21 Apr 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਸ਼ਹਿਰ ਅੰਦਰ ਲੁੱਟਾਂ-ਖ਼ੋਹਾਂ ਤੇ ਚੋਰੀ ਦੀਆਂ ਘਟਨਾਵਾਂ ਤਾਂ ਪਹਿਲਾਂ ਹੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹੁਣ ਗੁੰਡਾ ਅਨਸਰਾਂ ਦੇ ਹੌਂਸਲੇ ਵੀ ਬੁੰਦਲ ਹੋ ਚੁੱਕੇ ਹਨ। ਅਜਿਹੇ ਹੀ ਇਕ ਮਾਮਲਾ ਬੀਤੀ ਰਾਤ ਸਾਹਮਣੇ ਆਇਆ ਹੈ, ਜਿੱਥੇ ਅਣਪਛਾਤੇ ਵਿਅਕਤੀਆਂ ਨੇ ਇੱਕ ਗੱਡੀ ਸਵਾਰ ਨੌਜਵਾਨਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਘਟਨਾ ’ਚ ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਸਿਵਲ ਹਸਪਤਾਲ ਬਰਨਾਲਾ ਵਿਖੇ ਜ਼ੇਰੇ ਇਲਾਜ ਪੀੜ੍ਹਤ ਨੌਜਵਾਨ ਹਰਵਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਬਰਨਾਲਾ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਰਿਸ਼ਤੇਦਾਰਾਂ ਦੀ ਗੱਡੀ ’ਚ ਬਾਜ਼ਾਰ ’ਚ ਕਚਹਿਰੀ ਚੌਕ ਵੱਲ ਆ ਰਹੇ ਸੀ ਤਾਂ ਉਨ੍ਹਾਂ ਨੇ ਕਚਹਿਰੀ ਚੌਕ ’ਚ ਕਿਸੇ ਕੰਮ ਲਈ ਆਪਣੀ ਗੱਡੀ ਰੋਕ ਲਈ। ਇਸ ਦੌਰਾਨ ਅੱਠ-ਨੌ ਅਣਪਛਾਤੇ ਨੌਜਵਾਨ ਆਏ, ਜਿਨ੍ਹਾਂ ਕੋਲ ਮਾਰੂ ਹਥਿਆਰ ਸਨ, ਨੇ ਇੱਕਦਮ ਉਸ ’ਤੇ ਹਮਲਾ ਕਰ ਦਿੱਤਾ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਰੌਲਾ ਪਾਉਣ ’ਤੇ ਉਕਤ ਅਣਪਛਾਤੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ’ਚ ਉਸ ਨੂੰ ਆਸ-ਪਾਸ ਦੇ ਲੋਕਾਂ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ, ਪਰ ਅਜੇ ਤੱਕ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਪੀੜ੍ਹਤ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਹਮਲਾਵਾਰਾਂ ਦੇ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।