ਮੈਰਿਟ ’ਚ ਆਉਣ ਵਾਲੀ ਪੱਖੋਂ ਕਲਾਂ ਦੀ ਧੀ ਦਾ ਸਨਮਾਨ
ਵਿਧਾਇਕ ਉੱਗੋਕੇ ਵੱਲੋਂ ਮੈਰਿਟ ’ਚ ਆਉਣ ਵਾਲੀ ਪੱਖੋਂ ਕਲਾਂ ਦੀ ਧੀ ਦਾ ਸਨਮਾਨ
Publish Date: Mon, 13 Apr 2026 04:19 PM (IST)
Updated Date: Tue, 14 Apr 2026 04:02 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਵਿਧਾਇਕ ਹਲਕਾ ਭਦੌੜ ਲਾਭ ਸਿੰਘ ਉੱਗੋਕੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜੇ ’ਚ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੀ ਮੈਰਿਟ ’ਚ ਆਉਣ ਵਾਲੀ ਵਿਦਿਆਰਥਣ ਦੇ ਪਿੰਡ ਪੱਖੋ ਕਲਾਂ ਪੁੱਜ ਕੇ ਸਨਮਾਨ ਕੀਤਾ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਜਮਾਤ ਦੇ ਨਤੀਜੇ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੀ ਵਿਦਿਆਰਥਣ ਰੂਬੀ, ਪੁੱਤਰੀ ਮਨਪ੍ਰੀਤ ਕੌਰ ਤੇ ਪ੍ਰਿਤਪਾਲ ਸਿੰਘ ਵਾਸੀ ਪੱਖੋਂ ਕਲਾਂ ਨੇ 600 ਅੰਕਾਂ ’ਚੋਂ 585 ਅੰਕ ਪ੍ਰਾਪਤ ਕਰ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਲਿਸਟ ’ਚ 15ਵਾਂ ਸਥਾਨ ਪ੍ਰਾਪਤ ਕੀਤਾ ਹੈI ਇਸ ਮੌਕੇ ਲਾਭ ਸਿੰਘ ਉੱਗੋਕੇ ਨੇ ਵਿਦਿਆਰਥਣ ਰੂਬੀ ਦਾ ਸਨਮਾਨ ਕੀਤਾ ਤੇ ਪਰਿਵਾਰ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਖਾਸ ਕਰਕੇ ਸਾਡੀਆਂ ਧੀਆਂ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ’ਚ ਬੁਨਿਆਦੀ ਢਾਂਚੇ ਤੇ ਪੜ੍ਹਾਈ ਦੇ ਮਿਆਰ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚੀ ਦੇ ਨਾਲ ਸਕੂਲ ਇੰਚਾਰਜ ਸਮੇਤ ਸਾਰੇ ਅਧਿਆਪਕ ਵਧਾਈ ਦੇ ਪਾਤਰ ਹਨ ਜੋ ਕਿ ਬੱਚਿਆਂ ਦਾ ਮਾਰਗ ਦਰਸ਼ਨ ਕਰਦੇ ਹਨ। ਇਸ ਮੌਕੇ ਪਿੰਡ ਦੇ ਪੰਚਾਇਤ ਮੈਂਬਰ ਤੇ ਪਤਵੰਤੇ ਮੌਜੂਦ ਸਨ।