- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਸ ਅੱਡੇ ਲਈ ਦਾਨ ਕੀਤੀ ਕੀਮਤੀ ਜ਼ਮੀਨ, ਪਰਿਵਾਰ ਦਾ ਨਗਰ ਕੌਂਸਲ ਵਲੋਂ ਸਨਮਾਨ

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਨਗਰ ਕੌਂਸਲ ਭਦੌੜ ਤੇ ਸਮੁੱਚੇ ਸ਼ਹਿਰ ਨਿਵਾਸੀਆਂ ਵੱਲੋਂ ਇਨਸਾਨੀਅਤ ਤੇ ਸਮਾਜ ਸੇਵਾ ਦੀ ਇਕ ਬੇਮਿਸਾਲ ਉਦਾਹਰਨ ਪੇਸ਼ ਕਰਦਿਆਂ ਇਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਉਸ ਮਹਾਨ ਸ਼ਖਸੀਅਤ ਦੀ ਯਾਦ ’ਚ ਸੀ। ਜਿਸ ਨੇ ਦਹਾਕਿਆਂ ਪਹਿਲਾਂ ਸ਼ਹਿਰ ਦੇ ਵਿਕਾਸ ਲਈ ਆਪਣੀ ਕਰੋੜਾਂ ਰੁਪਏ ਦੀ ਕੀਮਤੀ ਜ਼ਮੀਨ ਬਿਨਾਂ ਕਿਸੇ ਲਾਲਚ ਦੇ ਦਾਨ ਕਰ ਦਿੱਤੀ ਸੀ। ਬੱਸ ਸਟੈਂਡ ਭਦੌੜ ਲਈ ਜ਼ਮੀਨ ਦਾਨ ਕਰਨ ਵਾਲੇ ਸਵਰਗੀ ਗੁਰਦੇਵ ਸਿੰਘ ਦੇ ਸਪੁੱਤਰ ਇੰਦਰਜੀਤ ਸਿੰਘ ਦਾ ਸ਼ਹਿਰ ਦੀਆਂ ਪ੍ਰਮੁਖ ਸ਼ਖਸੀਅਤਾਂ ਦੀ ਮੌਜੂਦਗੀ ’ਚ ਨਿੱਘਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਇਕ ਵੱਡਾ ਤੇ ਇਤਿਹਾਸਕ ਐਲਾਨ ਕਰਦਿਆਂ ਕਿਹਾ ਕਿ ਸ਼ਹਿਰ ਦੇ ਬੱਸ ਸਟੈਂਡ ਦਾ ਨਾਮ ਹੁਣ ਸਵਰਗੀ ਗੁਰਦੇਵ ਸਿੰਘ ਯਾਦਗਾਰੀ ਬੱਸ ਸਟੈਂਡ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਜਿਸ ਬੱਸ ਅੱਡੇ ਦਾ ਲਾਭ ਹਜ਼ਾਰਾਂ ਲੋਕ ਰੋਜ਼ਾਨਾ ਉਠਾ ਰਹੇ ਹਨ। ਉਹ ਗੁਰਦੇਵ ਸਿੰਘ ਵਰਗੇ ਦਾਨੀ ਪੁਰਸ਼ਾਂ ਦੇ ਵੱਡੇ ਜਿਗਰੇ ਸਦਕਾ ਹੀ ਸੰਭਵ ਹੋ ਸਕਿਆ ਹੈ। ਪ੍ਰਧਾਨ ਗਰਗ ਨੇ ਬੇਬਾਕੀ ਨਾਲ ਮੰਨਿਆ ਕਿ ਇਹ ਮਾਣ-ਸਨਮਾਨ ਪਰਿਵਾਰ ਨੂੰ ਬਹੁਤ ਸਾਲ ਪਹਿਲਾਂ ਮਿਲਣਾ ਚਾਹੀਦਾ ਸੀ। ਇਸ ਭਾਵੁਕ ਤੇ ਗੌਰਵਮਈ ਪਲਾਂ ਦੇ ਗਵਾਹ ਬਣਨ ਲਈ ਸ਼ਹਿਰ ਦੀਆਂ ਕਈ ਸਿਆਸੀ ਤੇ ਸਮਾਜਿਕ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ। ਇਨ੍ਹਾਂ ’ਚ ਕੌਂਸਲਰ ਨਾਹਰ ਸਿੰਘ, ਕੌਂਸਲਰ ਪਰਮਜੀਤ ਸਿੰਘ, ਕੌਂਸਲਰ ਗੁਰਪਾਲ ਸਿੰਘ ਮੋਟੂ, ਕੌਂਸਲਰ ਅਸ਼ੋਕ ਰਾਮ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਵਕੀਲ ਸਿੰਘ, ਦੀਪਕ ਕੁਮਾਰ ਬੋਨੀ ਸ਼ਰਮਾ ਤੇ ਰਜਿੰਦਰ ਬੱਤਾ ਸਣੇ ਵੱਡੀ ਗਿਣਤੀ ’ਚ ਪਤਵੰਤੇ ਸੱਜਣ ਸ਼ਾਮਲ ਸਨ। ਹਾਜ਼ਰ ਸਾਰੇ ਮੈਂਬਰਾਂ ਨੇ ਇਕਸੁਰ ’ਚ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਦੌੜ ਸ਼ਹਿਰ ਇਸ ਨੇਕ ਕਾਰਜ ਲਈ ਇਸ ਪਰਿਵਾਰ ਦਾ ਹਮੇਸ਼ਾ ਰਿਣੀ ਰਹੇਗਾ। ਸਮਾਗਮ ਦੌਰਾਨ ਇੰਦਰਜੀਤ ਸਿੰਘ ਨੂੰ ਸਿਰੋਪਾਓ, ਲੋਈ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਨਿਵਾਜਿਆ ਗਿਆ। ਇਸ ਮੌਕੇ ਕੀਰਤ ਸਿੰਗਲਾ ਨੇ ਕਿਹਾ ਕਿ ਅਜੋਕੇ ਦੌਰ ’ਚ ਜਿਥੇ ਇੰਚ-ਇੰਚ ਜ਼ਮੀਨ ਲਈ ਖੂਨੀ ਰਿਸ਼ਤੇ ਆਪਸ ’ਚ ਲੜਦੇ ਹਨ। ਉੱਥੇ ਇਸ ਪਰਿਵਾਰ ਨੇ ਸਮਾਜ ਭਲਾਈ ਲਈ ਆਪਣੀ ਜੱਦੀ ਜਾਇਦਾਦ ਤਿਆਗ ਕੇ ਇਕ ਅਜਿਹੀ ਮਿਸਾਲ ਪੈਦਾ ਕੀਤੀ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੀ ਰਹੇਗੀ। ਸ਼ਹਿਰ ਵਾਸੀਆਂ ਨੇ ਵੀ ਨਗਰ ਕੌਂਸਲ ਦੇ ਇਸ ਫੈਸਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ।