ਤਹਿਸੀਲ ਕੰਪਲੈਕਸ ਦੇ ਕਰਮਚਾਰੀਆਂ ਵੱਲੋਂ ਦੋ ਰੋਜ਼ਾ ਕਲਮਛੋੜ ਹੜਤਾਲ
ਤਹਿਸੀਲ ਕੰਪਲੈਕਸ ਦੇ ਕਰਮਚਾਰੀਆਂ ਵਲੋਂ ਦੋ ਰੋਜਾ ਕਲਮਛੋੜ ਹੜਤਾਲ
Publish Date: Mon, 16 Mar 2026 05:29 PM (IST)
Updated Date: Tue, 17 Mar 2026 04:07 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਬਰਨਾਲਾ ਦੇ ਸੱਦੇ ’ਤੇ ਤਹਿਸੀਲ ਕੰਪਲੈਕਸ ਤਪਾ ’ਚ ਸਮੂਹ ਕਰਮਚਾਰੀਆਂ ਨੇ ਧਰਨੇ ਹੇਠ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਕਲਮ ਛੱਡ ਹੜਤਾਲ ਕਰ ਕੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਤਜਿੰਦਰ ਸਿੰਘ ਨੰਗਲ ਨੂੰ ਜੰਡਿਆਲਾ ਗੁਰੂ ਪੁਲਿਸ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਉਠਾਉਣ ਕਾਰਨ ਨਿਸ਼ਾਨਾ ਬਣਾਇਆ ਗਿਆ ਹੈ। ਕਰਮਚਾਰੀ ਆਗੂਆਂ ਮੁਤਾਬਕ 9 ਤਰੀਖ ਦੀ ਰਾਤ ਪੁਲਿਸ ਟੀਮ ਨੇ ਉਸਨੂੰ ਗ੍ਰਿਫ਼ਤਾਰ ਕਰ ਕੇ ਥਾਣੇ ਲਿਜਾਇਆ, ਜਿੱਥੇ ਐੱਸਐੱਚਓ ਵੱਲੋਂ ਉਸ ਨਾਲ ਅਪਮਾਨਜਨਕ ਵਿਵਹਾਰ ਕੀਤਾ ਗਿਆ। ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਦੀਆਂ ਸਾਹਮਣੇ ਮਹਿਲਾਵਾਂ ਦੇ ਹੋਣ ਦੇ ਬਾਵਜੂਦ ਉਸ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਅਤੇ ਜਾਤੀ ਸੂਚਕ ਸ਼ਬਦ ਵੀ ਵਰਤੇ ਗਏ। ਕਰਮਚਾਰੀਆਂ ਦਾ ਇਹ ਵੀ ਦੋਸ਼ ਹੈ ਕਿ ਐੱਸਐੱਚਓ ਨੇ ਪੁਲਿਸ ਕਰਮਚਾਰੀਆਂ ਨੂੰ ਆਦੇਸ਼ ਦੇ ਕੇ ਉਸ ਦੀ ਦਾੜੀ ਨੂੰ ਵੀ ਹੱਥ ਪੁਆਇਆ, ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਘਟਨਾ ਹੈ। ਉਨ੍ਹਾਂ ਦੱਸਿਆ ਕਿ ਤਜਿੰਦਰ ਸਿੰਘ ਨੰਗਲ ਨੂੰ ਸਾਰੀ ਰਾਤ ਥਾਣੇ ਵਿਚ ਰੱਖਿਆ ਗਿਆ ਅਤੇ ਕੁਝ ਸਮਾਂ ਹਵਾਲਾਤ ਵਿਚ ਵੀ ਰੱਖਿਆ ਗਿਆ, ਜਿੱਥੇ ਹੋਰ ਵੀ ਕਈ ਵਿਅਕਤੀ ਮੌਜੂਦ ਸਨ। ਇਸ ਘਟਨਾ ਦੇ ਰੋਸ ਵਜੋਂ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਤੇ ਸਬ-ਡਿਵੀਜ਼ਨ ਦਫ਼ਤਰਾਂ ਵਿਚ ਕਰਮਚਾਰੀਆਂ ਵੱਲੋਂ ਅੱਜ ਕਲਮ ਛੱਡ ਹੜਤਾਲ ਕੀਤੀ ਗਈ। ਕਰਮਚਾਰੀਆਂ ਦੀ ਮੰਗ ਹੈ ਕਿ ਸਬੰਧਿਤ ਐੱਸਐੱਚਓ ਖ਼ਿਲਾਫ਼ ਜਾਤੀ ਸੂਚਕ ਸ਼ਬਦ ਵਰਤਣ, ਧਾਰਮਿਕ ਬੇਅਦਬੀ ਕਰਨ ਤੇ ਬਦਸਲੂਕੀ ਕਰਨ ਦੇ ਦੋਸ਼ਾਂ ਤਹਿਤ ਤੁਰੰਤ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸਬ ਡਿਵੀਜ਼ਨ ਤਪਾ ਦੇ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਬਾਹੀਆ, ਜਨਰਲ ਸਕੱਤਰ ਸ਼੍ਰੀ ਨਨਪਾਲ, ਕਮਲਜੀਤ ਕੌਰ, ਭਗਵਾਨ ਦਾਸ, ਸਿਮਰਤ ਸਿੰਘ, ਗੁਰਲਾਲ ਸਿੰਘ, ਸੁਖਜਿੰਦਰ ਸਿੰਘ, ਸੁਖਜਿੰਦਰ ਸਿੰਘ ਰੀਡਰ, ਗੁਰਮੀਤ ਸਿੰਘ, ਗਗਨਦੀਪ ਸਿੰਘ, ਅਸ਼ਵਨੀ ਕੁਮਾਰ, ਮਨਜੀਤ ਕੌਰ, ਹਰਜਿੰਦਰ ਸਿੰਘ, ਬੂਟਾ ਸਿੰਘ, ਹਰਜਿੰਦਰ ਸਿੰਘ, ਜਗਸੀਰ ਸਿੰਘ ਤੋਂ ਇਲਾਵਾ ਚੋਣ ਸ਼ਾਖਾ, ਦਫਤਰ ਕਾਨੂੰਗੋ ਸ਼ਾਖਾ ਦੇ ਮੁਲਾਜ਼ਮ ਵੀ ਹਾਜ਼ਰ ਸਨ।