ਸੰਘਣੀ ਧੁੰਦ ਕਾਰਨ ਫ਼ਲਾਈਓਵਰ ’ਤੇ 2 ਟਰੱਕਾਂ ਦੀ ਹੋਈ ਟੱਕਰ
ਸੰਘਣੀ ਧੁੰਦ ਕਾਰਨ ਫ਼ਲਾਈਓਵਰ ’ਤੇ ਦੋ ਟਰੱਕਾਂ ਦੀ ਹੋਈ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਬਚਾਅ
Publish Date: Sun, 18 Jan 2026 04:10 PM (IST)
Updated Date: Mon, 19 Jan 2026 04:00 AM (IST)
ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਐਤਵਾਰ ਨੂੰ ਪਈ ਸੰਘਣੀ ਧੁੰਦ ਕਾਰਨ ਸਥਾਨਕ ਬਰਨਾਲਾ ਰਾਏਕੋਟ ਰੋਡ ’ਤੇ ਦੋ ਟਰੱਕਾਂ ਦੀ ਆਪਸ ’ਚ ਟੱਕਰ ਹੋ ਗਈ। ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਵਾਹਨ ਚਾਲਕ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬਰਨਾਲਾ ਰਾਏਕੋਟ ’ਤੇ ਟਰਾਈਡੈਂਟ ਦੇ ਪੁਲ ਉੱਪਰ ਦੋ ਟਰੱਕਾਂ ਦੀ ਟੱਕਰ ਹੋ ਗਈ। ਇਕ ਬਜਰੀ ਦਾ ਭਰਿਆ ਹੋਇਆ ਟਰੱਕ ਲੁਧਿਆਣਾ ਸਾਈਡ ਤੋਂ ਬਰਨਾਲੇ ਵੱਲ ਨੂੰ ਜਾ ਰਿਹਾ ਸੀ ਜੋ ਕਿ ਕਿਸੇ ਵਾਹਨ ਨੂੰ ਓਵਰਟੇਕ ਕਰ ਰਿਹਾ ਸੀ। ਧੁੰਦ ਬਹੁਤ ਜ਼ਿਆਦਾ ਹੋਣ ਕਰ ਕੇ ਉਹ ਟਰੱਕ ਸਾਹਮਣੇ ਆ ਰਹੇ ਇਕ ਟਰੱਕ ਨਾਲ ਜਾ ਟਕਰਾਇਆ। ਟੱਕਰ ਇੰਨੀ ਜਬਰਦਸਤ ਸੀ ਕਿ ਆਸਪਾਸ ਦੇ ਲੋਕਾਂ ਦੇ ਘਰਾਂ ’ਚ ਵੀ ਟੱਕਰ ਦੀ ਆਵਾਜ਼ ਸੁਣਾਈ ਦਿੱਤੀ। ਟੱਕਰ ਹੋਣ ਕਾਰਨ ਟਰੱਕ ਡਰਾਈਵਰ ਟਰੱਕ ਦੇ ਕੈਬਿਨ ’ਚ ਫਸ ਗਿਆ। ਮੌਕੇ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਪਹੁੰਚੀ ਤੇ ਬੜੀ ਹੀ ਮਸ਼ੱਕਤ ਦੇ ਨਾਲ ਟਰੱਕ ਡਰਾਈਵਰ ਜਿਸ ਦੀਆਂ ਦੋਵੇਂ ਲੱਤਾਂ ਫਸੀਆਂ ਹੋਈਆਂ ਸਨ, ਨੂੰ ਬਾਹਰ ਕੱਢਿਆ। ਜਿਸ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਵਿਖੇ ਭੇਜਿਆ ਗਿਆ। ਘਟਨਾ ਕਾਰਨ ਦੋਵੇਂ ਸਾਈਡਾਂ ’ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਇਸ ਨੂੰ ਜ਼ਿਲਾ ਬਰਨਾਲਾ ਦੇ ਟਰੈਫਿਕ ਇੰਚਾਰਜ ਇੰਸਪੈਕਟਰ ਸ਼ੇਰਵਿੰਦਰ ਸਿੰਘ ਨੇ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਕੇ ਜਾਮ ਨੂੰ ਖੁਲਵਾਇਆ। ਇਸ ਹਾਦਸੇ ’ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।