ਲੇਖਕ ਬੂਟਾ ਸਿੰਘ ਚੌਹਾਨ ਦੀਆਂ ਦੋ ਪੁਸਤਕਾਂ ਰਿਲੀਜ਼
ਲੇਖਕ ਬੂਟਾ ਸਿੰਘ ਚੌਹਾਨ ਦੀਆਂ ਦੋ ਪੁਸਤਕਾਂ ਰਿਲੀਜ਼
Publish Date: Sun, 01 Feb 2026 04:25 PM (IST)
Updated Date: Mon, 02 Feb 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਰਨਾਲਾ : ਗ਼ਜ਼ਲ ਮੰਚ ਬਰਨਾਲਾ ਵੱਲੋਂ ਪੁਸਤਕ ਰਿਲੀਜ਼ ਸਮਾਗਮ ਤੇ ਕਵੀ ਦਰਬਾਰ ਸਰਕਾਰੀ ਸੀਨੀਅਰ ਸੈਕੰਡਰੀ ਐਮੀਨੈਂਸ ਸਕੂਲ ਹੰਢਿਆਇਆ ਬਾਜ਼ਾਰ ਬਰਨਾਲਾ ਵਿਖੇ ਕਰਵਾਇਆ ਗਿਆ। ਜਿਸ ’ਚ ਬਹੁਪੱਖੀ ਲੇਖਕ ਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਦੀ ਸੰਪਾਦਿਤ ਪੁਸਤਕ ਮੇਰੀ ਮਾਂ (ਹਾਸ਼ੀਆਗ੍ਰਸਤ ਮਾਵਾਂ ਦੀ ਦਾਸਤਾਨ) ਰਿਲੀਜ਼ ਕਰਨ ਦੀ ਰਸਮ ਸੰਤ ਰਾਮ ਉਦਾਸੀ ਦੀ ਸਪੁੱਤਰੀ ਇਕਬਾਲ ਕੌਰ ਉਦਾਸੀ ਨੇ ਅਦਾ ਕੀਤੀ। ਦੂਸਰੀ ਪੁਸਤਕ ਰਸ਼ਮੀ ਸ਼ਰਮਾ ਦੀਆਂ ਕਹਾਣੀਆਂ (ਪੰਜਾਬੀ ਅਨੁਵਾਦ) ਨੂੰ ਰਿਲੀਜ਼ ਕਰਨ ਦੀ ਰਸਮ ਕਵਿੱਤਰੀਆਂ ਅੰਜਨਾ ਮੈਨਿਨ ਤੇ ਮਨਦੀਪ ਕੌਰ ਭਦੌੜ ਨੇ ਸਾਂਝੇ ਤੌਰ ਤੇ ਅਦਾ ਕੀਤੀ। ਪੁਸਤਕ ਮੇਰੀ ਮਾਂ ਬਾਰੇ ਬੋਲਦਿਆਂ ਡਾ ਰਾਮਪਾਲ ਸ਼ਾਹਪੁਰੀ ਨੇ ਕਿਹਾ ਕਿ ਬੂਟਾ ਸਿੰਘ ਚੌਹਾਨ ਨੇ ਇਸ ਪੁਸਤਕ ਦਾ ਸੰਪਾਦਨ ਕਰਕੇ ਅਣਛੋਹਿਆ ਵਿਸ਼ਾ ਛੋਹਿਆ ਹੈ। ਪੁਸਤਕ ਵਿਚਲੀਆਂ ਮਾਵਾਂ ਦਾ ਦੁਖਾਂਤ ਆਰਥਿਕ ਵੀ , ਔਰਤ ਹੋਣਾ ਵੀ ਤੇ ਦਲਿਤ ਜਾਤੀ ਨਾਲ਼ ਸੰਬੰਧਿਤ ਹੋਣਾ ਵੀ ਹੈ। ਇਨ੍ਹਾਂ ਮਾਂਵਾਂ ਦੀ ਸਿਦਕਦਿਲੀ ਤੇ ਕੁਰਬਾਨ ਹੋਣ ਨੂੰ ਦਿਲ ਕਰਦਾ ਹੈ। ਸ਼ਾਇਰ ਤਰਸੇਮ ਨੇ ਕਿਹਾ ਕਿ ਇਹ ਪੁਸਤਕ ਮਿਹਨਤ ਮੁਸ਼ੱਕਤ ਕਰਨ ਵਾਲੀਆਂ ਮਾਵਾਂ ਦੇ ਦੁੱਖਾਂ ਦੀ ਦਾਸਤਾਨ ਹੈ। ਇਹ ਉਹ ਮਾਵਾਂ ਹਨ, ਜਿਨ੍ਹਾਂ ਨੇ ਆਪਣੇ ਬੱਚੇ ਇਸ ਲਈ ਪੜ੍ਹਾਏ ਕਿ ਉਹ ਉਨ੍ਹਾਂ ਦਾ ਜੀਵਨ ਆਪਣੇ ਨਾਲ਼ੋਂ ਸੁਖੀ ਵੇਖਣਾ ਚਾਹੁੰਦੀਆਂ ਸਨ। ਬੂਟਾ ਸਿੰਘ ਚੌਹਾਨ ਨੇ ਕਿਹਾ ਸੀ ਕਿ ਮੈਂ ਬਚਪਨ ਵਿਚ ਆਪਣੇ ਪਿੰਡ ਵਿਚ ਸਭ ਤੋਂ ਦੁੱਖ ਭੋਗਦੀਆਂ ਦਲਿਤ ਔਰਤਾਂ ਨੂੰ ਵੇਖਿਆ ਤੇ ਉਨ੍ਹਾਂ ਨੂੰ ਮਾਂ ਹੋਣ ਦੇ ਬੜੇ ਮਹਿੰਗੇ ਮੁੱਲ ਅਦਾ ਕਰਨੇ ਪਏ । ਇਕਬਾਲ ਕੌਰ ਉਦਾਸੀ ਅਤੇ ਲਛਮਣ ਦਾਸ ਮੁਸਾਫ਼ਿਰ ਨੇ ਵੀ ਵਿਚਾਰ ਪੇਸ਼ ਕੀਤੇ। ਕਵੀ ਦਰਬਾਰ ਵਿਚ ਰਾਜਿੰਦਰ ਸੌਂਕੀ, ਰਾਮ ਸਰੂਪ ਸ਼ਰਮਾ, ਰਘਵੀਰ ਸਿੰਘ ਗਿੱਲ ਕੱਟੂ, ਲਖਵਿੰਦਰ ਸਿੰਘ ਠੀਕਰੀਵਾਲਾ, ਜਗਜੀਤ ਗੁਰਮ, ਚਰਨ ਸਿੰਘ ਭਦੌੜ, ਜਗਤਾਰ ਜਜ਼ੀਰਾ, ਮਨਦੀਪ ਕੌਰ ਭਦੌੜ , ਦਰਸ਼ਨ ਸਿੰਘ ਗੁਰੂ, ਜਸਵੀਰ ਕੌਰ ਬਦਰਾ, ਜਸਪ੍ਰੀਤ ਕੌਰ ਬੱਬੂ, ਡਾ ਸੁਰਿੰਦਰ ਸਿੰਘ ਭੱਠਲ , ਲਛਮਣ ਦਾਸ ਮੁਸਾਫ਼ਿਰ, ਸੁਰਜੀਤ ਦਿਹੜ ਅਤੇ ਜਸਕਰਨ ਮਾਨ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਵਿਚ ਤੇਜਾ ਸਿੰਘ ਤਿਲਕ, ਡਾਕਟਰ ਭੁਪਿੰਦਰ ਸਿੰਘ ਬੇਦੀ, ਪਵਨ ਪਰਿੰਦਾ , ਸੁਦਰਸ਼ਨ ਗੁੱਡੂ ਅਤੇ ਭੋਲਾ ਸਿੰਘ ਜਾਗਲ ਵੀ ਹਾਜ਼ਰ ਸਨ। ਸਟੇਜ ਦਾ ਫ਼ਰਜ਼ ਗੁਰਪਾਲ ਸਿੰਘ ਬਿਲਾਵਲ ਨੇ ਨਿਭਾਇਆ। ਮੰਚ ਦੇ ਪ੍ਰਧਾਨ ਜਗਜੀਤ ਗੁਰਮ ਨੇ ਸਭਨਾਂ ਦਾ ਧੰਨਵਾਦ ਕੀਤਾ।