ਨਸ਼ੀਲੇ ਪਾਊਡਰ ਤੇ ਚੋਰੀ ਦੀਆਂ ਕੇਬਲ ਸਣੇ 2 ਕਾਬੂ
ਨਸ਼ੀਲੇ ਪਾਊਡਰ ਅਤੇ ਚੋਰੀ ਦੀਆਂ ਕੇਬਲ ਤਾਰਾਂ ਸਮੇਤ ਦੋ ਕਾਬੂ
Publish Date: Fri, 09 Jan 2026 05:40 PM (IST)
Updated Date: Sat, 10 Jan 2026 04:03 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਅਤੇ ਐੱਸਪੀ(ਡੀ) ਅਸ਼ੋਕ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀਐੱਸਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਸ਼ਹਿਣਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ’ਚ 10 ਗ੍ਰਾਮ ਨਸ਼ੀਲੇ ਪਾਊਡਰ ਤੇ ਚੋਰੀ ਦੀਆਂ ਕੇਬਲਾਂ ਸਣੇ ਦੋ ਜਣਿਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਡੀਐੱਸਪੀ ਦਫ਼ਤਰ ਤਪਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡੀਐੱਸਪੀ ਗੁਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸ਼ਹਿਣਾ ਦੀ ਮੁੱਖ ਅਫਸਰ ਮੈਡਮ ਰੇਨੂੰ ਪਰੋਚਾ ਦੀ ਅਗਵਾਈ ਹੇਠ ਪੁਲਿਸ ਨੇ ਵੱਖ-ਵੱਖ ਮਾਮਲਿਆਂ ’ਚ 2 ਜਣਿਆਂ ਨੂੰ ਕਾਬੂ ਕੀਤਾ ਹੈ, ਜਦਕਿ ਇਕ ਹੋਰ ਲੁੱਟ-ਖੋਹ ਦੇ ਮਾਮਲੇ ’ਚ ਨਾਮਜ਼ਦ ਵਿਅਕਤੀ ਦੀ ਪਹਿਚਾਣ ਕਰ ਲਈ ਗਈ ਹੈ ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਖੁਫੀਆ ਸੂਤਰਾਂ ਰਾਹੀਂ ਗੁਪਤ ਸੂਚਨਾ ਮਿਲੀ ਕਿ ਹਰਜਿੰਦਰ ਸਿੰਘ ਕਾਲੂ ਜੋ ਕਿ ਨਸ਼ਾ ਕਰਨ ਤੇ ਵੇਚਣ ਦਾ ਆਦੀ ਹੈ, ਅਗਰ ਰੇਡ ਕੀਤੀ ਜਾਵੇ ਤਾਂ ਸਫਲਤਾ ਹੱਥ ਲੱਗ ਸਕਦੀ ਹੈ, ਤਾਂ ਸ਼ਹਿਣਾ ਪੁਲਿਸ ਦੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਨੇ ਤੁਰੰਤ ਰੇਡ ਕਰ ਕੇ ਦੋਸ਼ੀ ਹਰਜਿੰਦਰ ਸਿੰਘ ਉਰਫ ਕਾਲੂ ਪੁੱਤਰ ਰਾਜ ਸਿੰਘ ਵਾਸੀ ਸਰਕਾਰੀ ਵਿਹੜਾ ਸ਼ਹਿਣਾ ਨੂੰ ਕਾਬੂ ਕਰਕੇ ਉਸ ਕੋਲੋਂ 10 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ। ਇਸੇ ਤਰ੍ਹਾਂ ਦੂਸਰੇ ਮਾਮਲੇ ’ਚ ਮੁਖਬਰ ਖਾਸ ਦੀ ਇਤਲਾਹ ’ਤੇ ਬਲਦੇਵ ਸਿੰਘ ਨੇ ਦੋਸ਼ੀ ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਸੁਖਦੇਵ ਸਿੰਘ ਵਾਸੀ ਹੰਡਿਆਇਆ ਨੂੰ ਕਾਬੂ ਕਰ ਕੇ ਉਸ ਕੋਲੋਂ 5 ਕਿੱਲੋ ਕੇਬਲ ਬਰਾਮਦ ਕੀਤੀਆਂ। ਪੁਲਿਸ ਵੱਲੋਂ ਦੋਸ਼ੀ ਉਕਤ ਕੋਲੋਂ ਗਿਰੋਹ ਦਾ ਪਤਾ ਲਗਵਾਉਣ ਲਈ ਪੁੱਛ-ਗਿੱਛ ਜਾਰੀ ਹੈ। ਦੱਸਣਯੋਗ ਹੈ ਕਿ ਦੋਸ਼ੀ ਸੁਖਵਿੰਦਰ ਸਿੰਘ ਤੇ ਪਹਿਲਾਂ ਵੀ ਦੋ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਡੀਐੱਸਪੀ ਤਪਾ ਨੇ ਦੱਸਿਆ ਕਿ ਮਿਤੀ 5 ਜਨਵਰੀ ਨੂੰ ਸ਼ਹਿਣਾ ਵਿਖੇ ਮੋਟਰਸਾਈਕਲ ਸਵਾਰ ਲੁਟੇਰਾ ਇਕ ਔਰਤ ਦਾ ਪਰਸ ਖਿੱਚ ਕੇ ਫ਼ਰਾਰ ਹੋ ਗਿਆ ਸੀ, ਜਿਸ ’ਤੇ ਪੁਲਿਸ ਨੇ ਪੀੜਤ ਔਰਤ ਜੋ ਇਕ ਆਂਗਨਵਾੜੀ ਵਰਕਰ ਹੈ, ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਦਿੱਤੀ ਤਾਂ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਜਦੋਂ ਪੁਲਿਸ ਨੇ ਆਪਣੇ ਗੁਪਤ ਸੋਰਸਾਂ ਰਾਹੀਂ ਦੋਸ਼ੀਆਂਨ ਨੂੰ ਟਰੇਸ ਕਰ ਲਿਆ, ਜਿਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀਐੱਸਪੀ ਗੁਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਦੇ ਦੂਸਰੇ ਪੜਾਅ ਤਹਿਤ ਲੋਕਾਂ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਵਿਰੁੱਧ ਜਾਗਰੂਕ ਕੀਤਾ ਜਾਵੇਗਾ।