ਟਰੰਪ-ਮੋਦੀ ਦਾ ਪੁਤਲਾ ਫੂਕਿਆ, ਵਪਾਰਕ ਸਮਝੌਤੇ ਖ਼ਿਲਾਫ਼ ਨਾਰਾਜ਼ਗੀ
ਟਰੰਪ-ਮੋਦੀ ਦਾ ਪੁਤਲਾ ਫੂਕਿਆ, ਵਪਾਰਕ ਸਮਝੌਤੇ ਖ਼ਿਲਾਫ਼ ਨਾਰਾਜ਼ਗੀ
Publish Date: Tue, 10 Feb 2026 06:13 PM (IST)
Updated Date: Wed, 11 Feb 2026 04:06 AM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲਕਲਾਂ : ਐੱਸਕੇਐੱਮ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਗਾਗੇਵਾਲ ਪਿੰਡ ਕਮੇਟੀ ਵੱਲੋਂ ਇਕਾਈ ਪ੍ਰਧਾਨ ਬੇਅੰਤ ਸਿੰਘ ਤੇ ਜਥੇਬੰਦੀ ਦੇ ਆਗੂ ਪਿਆਰਾ ਸਿੰਘ ਦੀ ਅਗਵਾਈ ਹੇਠ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਇਸਨੂੰ ਵਪਾਰਕ ਸਮਝੌਤਾ ਕਹਿਣਾ ਠੀਕ ਨਹੀਂ, ਸਗੋਂ ਭਾਰਤੀ ਹਾਕਮਾਂ ਵੱਲੋਂ ਅਮਰੀਕਾ ਅੱਗੇ ਝੁਕਣ ਵਰਗੀ ਸਥਿਤੀ ਬਣਾਈ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਮਰੀਕਾ ਰੂਸ ਤੇ ਚੀਨ ਸਮੇਤ ਕਈ ਦੇਸ਼ਾਂ ਨਾਲ ਵਪਾਰ ਕਰ ਰਿਹਾ ਹੈ ਪਰ ਭਾਰਤ ‘ਤੇ ਦਬਾਅ ਬਣਾਕੇ ਇਨ੍ਹਾਂ ਦੇਸ਼ਾਂ ਤੋਂ ਤੇਲ ਆਦਿ ਦੀ ਖਰੀਦ ‘ਤੇ ਰੋਕਾਂ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਸੱਚ ਨਹੀਂ ਦੱਸ ਰਹੀ ਅਤੇ ਖੇਤੀਬਾੜੀ ਤੇ ਡੇਅਰੀ ਖੇਤਰ ਨੂੰ ਡੀਲ ਤੋਂ ਬਾਹਰ ਦੱਸਿਆ ਜਾ ਰਿਹਾ ਹੈ, ਜਦਕਿ ਅਮਰੀਕਾ ਖੁਦ ਕਹਿ ਚੁੱਕਾ ਹੈ ਕਿ ਉਸਦੇ ਕਿਸਾਨਾਂ ਲਈ ਭਾਰਤ ਵੱਡੀ ਮਾਰਕੀਟ ਬਣੇਗੀ। ਸੰਧੂ ਨੇ ਜਾਣਕਾਰੀ ਦਿੱਤੀ ਕਿ ਐੱਸਕੇਐੱਮ ਦੀ ਆਉਣ ਵਾਲੀ ਮੀਟਿੰਗ ਵਿੱਚ ਅਗਲੇ ਸੰਘਰਸ਼ ਦਾ ਪ੍ਰੋਗਰਾਮ ਤੈਅ ਕੀਤਾ ਜਾਵੇਗਾ, ਜਿਸ ਵਿੱਚ ਇਸ ਸਮਝੌਤੇ ਦੀ ਰੱਦਗੀ ਨਾਲ-ਨਾਲ ਪਾਣੀ ਅਤੇ ਕਰਜ਼ੇ ਵਰਗੇ ਮੁੱਦੇ ਵੀ ਸ਼ਾਮਲ ਕੀਤੇ ਜਾਣਗੇ।