- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਨਾਲਾ ’ਚ ਜਾਮ, ਪਾਰਕਿੰਗ ਤੇ ਸਫ਼ਾਈ ਦੀ ਵੱਡੀ ਸਮੱਸਿਆ, ਲੋਕਾਂ ਨੂੰ ਨਵੇਂ ਮੇਅਰ ਤੋਂ ਪੂਰੀਆਂ ਆਸਾਂ

ਯਾਦਵਿੰਦਰ ਸਿੰਘ ਭੁੱਲਰ/ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਬਹੁਤ ਹੀ ਘੱਟ ਖੇਤਰਫ਼ਲ ਵਾਲਾ ਜ਼ਿਲ੍ਹਾ ਬਰਨਾਲਾ ਹੁਣ ਨਗਰ ਨਿਗਮ ਬਣਨ ’ਤੇ ਵੱਡੇ ਸ਼ਹਿਰਾਂ ’ਚ ਸ਼ਾਮਲ ਹੋ ਚੁੱਕਿਆ ਹੈ। ਵੀਰਵਾਰ ਨੂੰ ਨਗਰ ਨਿਗਮ ਬਰਨਾਲਾ ਨੂੰ ਨਵਾਂ ਮੇਅਰ ਮਿਲ ਚੁੱਕਿਆ ਹੈ, ਬਰਨਾਲਾ ਸ਼ਹਿਰ ਅੰਦਰ ਲੱਗ ਰਹੇ ਜਾਮ, ਸਫ਼ਾਈ, ਪਾਰਕਿੰਗ ਤੇ ਹੋਰ ਕਈ ਵੱਡੀਆਂ ਸਮੱਸਿਆਵਾਂ ਦੇ ਹੱਲ ਲਈ ਬਰਨਾਲਾ ਵਾਸੀਆਂ ਦੀਆਂ ਅੱਖਾਂ ਹੁਣ ਨਵੇ ਮੇਅਰ ’ਤੇ ਟਿੱਕ ਚੁੱਕੀਆਂ ਹਨ। ਜ਼ਿਕਰਯੋਗ ਬੇਸ਼ੱਕ ਹਸਨਪ੍ਰੀਤ ਭਾਰਦਵਾਜ ਕੋਲ ਨਗਰ ਕੌਂਸਲ ਦੇ ਕੰਮਾਂ ਦਾ ਜ਼ਮੀਨੀ ਤਜ਼ਰਬਾ ਹੈ, ਪਰ ਇਸ ਵਾਰ ਉਨ੍ਹਾਂ ਦੇ ਸਾਹਮਣੇ ਕੋਈ ਸਧਾਰਨ ਕੰਮ ਨਹੀਂ, ਸਗੋਂ ਚੁਣੌਤੀਆਂ ਦਾ ਇਕ ਪੂਰਾ ਪਹਾੜ ਖੜ੍ਹਾ ਹੈ। ਸਿਆਸੀ ਗੜ੍ਹ ’ਚ ਸਮੱਸਿਆਵਾਂ ਦਾ ਹੜ੍ਹ ਬਰਨਾਲਾ ਵਿਧਾਨ ਸਭਾ, ਉਹ ਹਲਕਾ ਹੈ ਜਿੱਥੇ 2017 ਤੋਂ 2024 ਤੱਕ ਮੀਤ ਹੇਅਰ ਵਿਧਾਇਕ ਰਹੇ ਅਤੇ ਹੁਣ ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਹਨ, ਬਰਨਾਲਾ ਇਲਾਕਾ ਵੀ ਉਨਾਂ ਦੇ ਲੋਕ ਸਭਾ ਹਲਕੇ ਦਾ ਹਿੱਸਾ ਹੈ। ਪਰ ਵੀਆਈਪੀ ਕਹਾਉਣ ਵਾਲੇ ਇਸ ਸ਼ਹਿਰ ਦੀ ਹਕੀਕਤ ਇਹ ਹੈ ਕਿ ਇੱਥੇ ਜਨਜੀਵਨ ਰੋਜ਼ਾਨਾ ਟ੍ਰੈਫਿਕ ਜਾਮ ਦੇ ਪਹੀਏ ਹੇਠ ਕੁਚਲਿਆ ਜਾਂਦਾ ਹੈ। ਸ਼ਹਿਰ ਦੇ ਵਧੇਰੇ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਨਾਲ ਸੜਕਾਂ ਸੁੰਗੜੀਆਂ ਪਈਆਂ ਹਨ। ਬੇਸ਼ੱਕ ਹਸਨਪ੍ਰੀਤ ਭਾਰਦਵਾਜ ਕੋਲ ਸਥਾਨਕ ਰਾਜਨੀਤੀ ਤੇ ਨਗਰ ਕੌਂਸਲ ਦੀ ਕਾਰਜਪ੍ਰਣਾਲੀ ਦਾ ਚੋਖਾ ਤਜ਼ਰਬਾ ਹੈ, ਕਿਉਂਕਿ ਉਹ ਆਪ ਸਰਕਾਰ ਬਣਨ ਤੋਂ ਬਾਅਦ, ਲਗਾਤਾਰ ਇੱਕ ਕੋਨੇ ’ਚ ਬਹਿ ਕੇ, ਨਗਰ ਕੌਂਸਲ ਦੇ ਕੰਮਾਂ ਨੂੰ ਕਰਵਾਉਣ ’ਚ ਵਧੇਰੇ ਰੁਚੀ ਲੈਂਦਾ ਰਿਹਾ ਹੈ। ਉਦੋਂ ਉਨਾਂ ਨੂੰ ਕਿਸੇ ਨੂੰ ਕਹਿ ਕੇ ਕੰਮ ਕਰਵਾਉਣਾ ਪੈਂਦਾ ਸੀ, ਤੇ ਹੁਣ ਹਰਾ ਪੈਨ ਉਨਾਂ ਦੇ ਆਪਣੇ ਹੱਥ ਆ ਰਿਹਾ ਹੈ। ਉਨਾਂ ਦਾ ਤਜੁਰਬਾ ਨਿਗਮ ਦੀ ਕਮਾਂਡ ਸੰਭਾਲਣ ਵੇਲੇ ਉਨ੍ਹਾਂ ਦੇ ਕੰਮ ਆਵੇਗਾ।