ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ’ਤੇ ਪੈਂਦਾ ਟੋਲ ਪਲਾਜ਼ਾ 3 ਘੰਟੇ ਲਈ ਕੀਤਾ ਫਰੀ
ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਪੈਂਦਾ ਟੋਲ ਪਲਾਜ਼ਾ 3 ਘੰਟੇ ਲਈ ਕੀਤਾ ਫਰੀ
Publish Date: Wed, 15 Apr 2026 06:07 PM (IST)
Updated Date: Wed, 15 Apr 2026 06:09 PM (IST)
- ਦੇਸ਼ ਦੀ ਆਪਣੀ ਕਰੰਸੀ ਨੂੰ ਸਵੀਕਾਰ ਨਾ ਕਰਨਾ ਭਾਰਤੀ ਸੰਵਿਧਾਨ ਦੀ ਉਲੰਘਣਾ : ਦਵਿੰਦਰ ਪਾਲ
- ਕਿਹਾ, ਕੈਸ਼ਲੈੱਸ ਪ੍ਰਣਾਲੀ ਖਤਮ ਨਾ ਕੀਤੀ ਤਾਂ ਅਣਮਿੱਥੇ ਸਮੇਂ ਲਈ ਕਰਾਂਗੇ ਟੋਲ ਪਲਾਜੇ ਫਰੀ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਬੁੱਧਵਾਰ ਨੂੰ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਕੇਂਦਰ ਸਰਕਾਰ ਦੀ ਕੈਸ਼ਲੈੱਸ ਟੋਲ ਪ੍ਰਣਾਲੀ ਖ਼ਿਲਾਫ਼ ਤਿੱਖਾ ਵਿਰੋਧ ਜਤਾਉਂਦਿਆਂ ਸੂਬੇ ਭਰ ਦੇ ਟੋਲ ਪਲਾਜ਼ਿਆਂ ਨੂੰ ਤਿੰਨ-ਘੰਟਿਆਂ ਲਈ ਪਰਚੀ ਮੁਕਤ ਕੀਤਾ ਗਿਆ ਸੀ। ਇਸੇ ਤਹਿਤ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ’ਤੇ ਪੈਂਦੇ ਕਾਲਾਝਾੜ ਟੋਲ ਪਲਾਜ਼ਾ ਨੂੰ ਤਿੰਨ ਘੰਟੇ ਪਰਚੀ ਮੁਕਤ ਰੱਖਿਆ ਗਿਆ। ਇਸ ਮੌਕੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ, ਭਾਕਿਯੂ ਏਕਤਾ (ਉਗਰਾਹਾਂ) ਸਮੇਤ ਹੋਰ ਜਥੇਬੰਦੀਆਂ ਦੇ ਆਗੂਆਂ ਦਵਿੰਦਰ ਪਾਲ ਸਿੰਘ, ਨਾਰਾਇਣ ਸਿੰਘ, ਨਾਜਰ ਖਾਨ, ਗੁਰਮੀਤ ਸਿੰਘ, ਨਰੇੰਦਰ ਸਿੰਘ, ਮਨਪ੍ਰੀਤ ਸਿੰਘ ਗੁਰਸੇਵਕ ਸਿੰਘ, ਗੁਰਧਿਆਨ ਸਿੰਘ, ਨਾਇਬ ਸਿੰਘ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਲਾਗੂ ਕੀਤੀ ਗਈ ਇਹ ਨੀਤੀ ਜ਼ਮੀਨੀ ਹਕੀਕਤਾਂ ਨਾਲ ਮੇਲ ਨਹੀਂ ਖਾਂਦੀ ਅਤੇ ਇਸ ਨਾਲ ਆਮ ਜਨਤਾ ਅਤੇ ਟੋਲ ਕਰਮਚਾਰੀਆਂ ਨੂੰ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਯੂਨੀਅਨ ਅਨੁਸਾਰ ਦੇਸ਼ ਦੇ ਵੱਡੇ ਹਿੱਸੇ ਦੇ ਲੋਕ ਅਜੇ ਵੀ ਕੈਸ਼ ’ਤੇ ਨਿਰਭਰ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕ ਯੂਪੀਆਈ, ਨੈੱਟ ਬੈਂਕਿੰਗ ਅਤੇ ਗੂਗਲ ਪੇ ਵਰਗੀਆਂ ਡਿਜੀਟਲ ਸਹੂਲਤਾਂ ਦਾ ਇਸਤੇਮਾਲ ਨਹੀਂ ਕਰਦੇ। ਇਸ ਤੋਂ ਇਲਾਵਾ ਸਰਵਰ ਡਾਊਨ ਅਤੇ ਨੈੱਟਵਰਕ ਸਮੱਸਿਆਵਾਂ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਅਤੇ ਲੋਕਾਂ ਨੂੰ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਯੂਨੀਅਨ ਆਗੂਆਂ ਨੇ ਇਹ ਵੀ ਦੱਸਿਆ ਕਿ ਕੈਸ਼ ਬੰਦ ਹੋਣ ਨਾਲ ਟੋਲ ਕਰਮਚਾਰੀਆਂ ਅਤੇ ਵਾਹਨ ਚਾਲਕਾਂ ਵਿਚਕਾਰ ਝਗੜਿਆਂ ਵਿੱਚ ਵੀ ਵਾਧਾ ਹੋਇਆ ਹੈ, ਜਿਸ ਨਾਲ ਕਰਮਚਾਰੀਆਂ ਦੀ ਸੁਰੱਖਿਆ ਖਤਰੇ ਵਿੱਚ ਪੈ ਗਈ ਹੈ, ਲੋਕਾਂ ਵੱਲੋਂ ਵੀ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ, ਕਿਉਂਕਿ ਦੇਸ਼ ਦੀ ਆਪਣੀ ਕਰੰਸੀ ਨੂੰ ਸਵੀਕਾਰ ਨਾ ਕਰਨਾ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ। ਯੂਨੀਅਨ ਨੇ ਕੇਂਦਰੀ ਸੜਕ ’ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜਲਦੀ ਤੋਂ ਜਲਦੀ ਇਸ ਨੀਤੀ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਕੈਸ਼ਲੈੱਸ ਪ੍ਰਣਾਲੀ ਨੂੰ ਵਾਪਸ ਨਹੀਂ ਲਿਆ ਜਾਂਦਾ ਤਾਂ ਆਉਣ ਵਾਲੇ ਸਮੇਂ ਵਿੱਚ ਟੋਲ ਪਲਾਜ਼ਿਆਂ ਨੂੰ ਅਣਮਿੱਥੇ ਸਮੇਂ ਲਈ ਫਰੀ ਕੀਤਾ ਜਾਵੇਗਾ।