ਵਿਧਾਇਕ ਉਗੋਕੇ ਦੇ ਯਤਨਾਂ ਸਦਕਾ ਭਦੌੜ ਦੀਆਂ ਸੜਕਾਂ ਦੀ ਨੁਹਾਰ ਬਦਲਣੀ ਸ਼ੁਰੂ : ਮੁਨੀਸ਼ ਕੁਮਾਰ ਗਰਗ
ਵਿਧਾਇਕ ਉਗੋਕੇ ਦੇ ਯਤਨਾਂ ਸਦਕਾ ਭਦੌੜ ਦੀਆਂ ਸੜਕਾਂ ਦੀ ਨੁਹਾਰ ਬਦਲਣੀ ਸ਼ੁਰੂ -ਮੁਨੀਸ਼ ਕੁਮਾਰ ਗਰਗ
Publish Date: Sat, 21 Mar 2026 05:53 PM (IST)
Updated Date: Sun, 22 Mar 2026 04:08 AM (IST)

ਸੁੰਦਰ ਡਿਊੜੀ ਤੋਂ ਲੈ ਕੇ ਸ਼ਿਵ ਮੰਦਰ ਪੱਥਰਾਂ ਵਾਲੀ ਰੋਡ ਨੂੰ ਪੂਰਨ ਤੌਰ ’ਤੇ 20 ਫੁੱਟ ਚੌੜੀ ਕਰਨ ਦਾ ਚੱਲ ਰਿਹਾ ਕੰਮ ਯਾਦਵਿੰਦਰ ਸਿੰਘ ਭੁੱਲਰ/ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਬਰਨਾਲਾ : ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਯਤਨਾਂ ਸਦਕਾ ਭਦੌੜ ਨੂੰ ਮਿਲੀਆਂ ਗ੍ਰਾਂਟਾਂ ਦੇ ਗੱਫਿਆਂ ’ਚੋਂ ਤਕਰੀਬਨ 6 ਕਰੋੜ ਰੁਪਏ ਭਦੌੜ ਦੀ ਨਗਰ ਕੌਂਸਲ ਖੇਤਰ ਅਧੀਨ ਆਉਂਦੀਆਂ ਸੜਕਾਂ ਉੱਪਰ ਲੱਗੇਗਾ। ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਤ ਬਾਬਾ ਕਾਲ੍ਹਾ ਸਿੰਘ ਜੀ ਦੀ ਯਾਦ ’ਚ ਬਣਾਈ ਗਈ ਸੁੰਦਰ ਡਿਊੜੀ ਤੋਂ ਲੈ ਕੇ ਸ਼ਿਵ ਮੰਦਿਰ ਪੱਥਰਾਂ ਵਾਲੀ ਰੋਡ ਨੂੰ ਪੂਰਨ ਤੌਰ ਤੇ 20 ਫੁੱਟ ਚੌੜੀ ਕਰਨ ਦਾ ਕੰਮ ਪੂਰੇ ਜ਼ੋਰਾਂ ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਰੋਡ ਪਹਿਲਾਂ ਸਿਰਫ ਨੌ ਫੁੱਟ ਚੌੜੀ ਹੀ ਸੀ ਅਤੇ ਲਿੰਕ ਰੋਡ ਹੋਣ ਕਰਕੇ ਆਉਣ ਜਾਣ ’ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਰੋਡ ਉੱਪਰ ਕਈ ਧਾਰਮਿਕ ਅਸਥਾਨ ਵੀ ਸੁਸ਼ੋਭਿਤ ਹਨ ਜਿਵੇਂ ਕਿ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਕਾਲਾ ਸਿੰਘ ਜੀ ਸੰਤ ਬਾਬਾ ਮਲਕੀਤ ਸਿੰਘ ਜੀ, ਨਾਨਕਸਰ ਠਾਠ ਸੰਤ ਬਾਬਾ ਈਸ਼ਰ ਸਿੰਘ ਜੀ, ਪ੍ਰਾਚੀਨ 11 ਰੁਦਰ ਸ਼ਿਵ ਮੰਦਿਰ ਪੱਥਰਾਂ ਵਾਲੀ, ਜੈਨ ਸਮਾਧੀ, ਡੇਰਾ ਬਾਬਾ ਮੇਹਰ ਦਾਸ ਜੀ ਤੋਂ ਇਲਾਵਾ ਬਾਬਾ ਬਾਲਕ ਰਾਮ ਪ੍ਰਾਇਮਰੀ ਸਕੂਲ,ਮਾਤਾ ਗੁਜਰੀ ਪਬਲਿਕ ਸਕੂਲ, ਲਾਲਾ ਲਾਜਪਤ ਰਾਏ ਆਰੀਆ ਮਾਡਲ ਸਕੂਲ ਆਦਿ ਵੀ ਇਸ ਰੋਡ ਉੱਪਰ ਬਣੇ ਹੋਣ ਕਰਕੇ ਜਿਆਦਾਤਰ ਆਵਾਜਾਈ ਇਸ ਸੜਕ ਉੱਪਰ ਰਹਿੰਦੀ ਸੀ, ਪਰ ਇਹ ਸੜਕ ਦੇ 20 ਫੁੱਟ ਚੌੜਾ ਹੋਣ ਕਾਰਨ ਲੋਕਾਂ ਨੂੰ ਆਉਣ ਜਾਣ ’ਚ ਕਦੇ ਵੀ ਪਰੇਸ਼ਾਨੀ ਨਹੀਂ ਹੋਵੇਗੀ। ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਦੱਸਿਆ ਕਿ ਇਸ ਤੋਂ ਇਲਾਵਾ ਤਿੰਨ ਕੌਣੀ ਚੌਂਕ ਤੋਂ ਲੈ ਕੇ ਬੱਸ ਸਟੈਂਡ ਭਦੌੜ, ਨਗਰ ਕੌਂਸਲ ਚੌਂਕ, ਥਾਣਾ ਭਦੌੜ, ਤਹਿਸੀਲ ਰੋਡ, ਮਹੱਲਾ ਬੁੱਟਰਾਂ ਦਾ, ਤਲਵੰਡੀ ਰੋਡ, ਮੁਹੱਲਾ ਡਿੱਬੀਪੁਰਾ, ਮੁਹੱਲਾ ਜੰਗੀ ਕਾ, ਮੁਹੱਲਾ ਮਾਨਾਂ ਦਾ, ਮੁਹੱਲਾ ਵੱਡੇ ਕੌੜੇ ਤੱਕ ਸੜਕ ਵੀ ਦੁਬਾਰਾ ਨਵੀਂ ਬਣਾਈ ਜਾਵੇਗੀ। ਪ੍ਰਧਾਨ ਮਨੀਸ਼ ਕੁਮਾਰ ਗਰਗ ਨੇ ਕਿਹਾ ਕਿ ਮਾਨਾ ਵਾਲਾ ਪ੍ਰਾਈਮਰੀ ਸਕੂਲ ਤੋਂ ਲੈ ਕੇ ਬਰਨਾਲਾ-ਬਾਜਾਖਾਨਾ ਮੇਨ ਸੜਕ ਤੱਕ ਵੀ ਰੋਡ ਨੂੰ ਦੁਬਾਰਾ ਬਣਾਇਆ ਜਾਵੇਗਾ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖਹਿਰਾ ਪੈਲੇਸ ਰੋਡ ਦੀ ਹਾਲਤ ਜਿਆਦਾ ਖ਼ਸਤਾ ਹੋਣ ਕਾਰਨ ਇਸ ਰੋਡ ਉੱਪਰ ਲੌਕ ਟਾਇਲ ਲਗਾਉਣ ਦਾ ਕੰਮ ਵੀ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਕਿ ਭਦੌੜ ’ਚ ਇੰਟਰ ਹੋਣ ਵੇਲੇ ਕਿਸੇ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਨਾਨਕਸਰ ਰੋਡ ਦੇ ਵਸਨੀਕਾਂ ਗੁਰਚਰਨ ਸਿੰਘ ਪਲਾਹਾ, ਡਾਕਟਰ ਅਮਰ ਸਿੰਘ, ਮੇਵਾ ਸਿੰਘ, ਸ਼ਮਸ਼ਾਨ ਘਾਟ ਕਮੇਟੀ ਅਗਰਵਾਲ,ਸ਼ਮਸ਼ਾਨਘਾਟ ਕਮੇਟੀ ਜੈਦ ਭੈਣੀ, ਗਿਆਰਾਂ ਰੁਦਰ ਸ਼ਿਵ ਮੰਦਿਰ ਪੱਥਰਾਂ ਵਾਲੀ ਕਮੇਟੀ ਦੇ ਪ੍ਰਧਾਨ ਹੀਰਾ ਲਾਲ ਸਿੰਗਲਾ, ਸੀਤਲ ਕੁਮਾਰ, ਸਾਬਕਾ ਕੌਂਸਲਰ ਅਤੇ ਆਰੀਆ ਮਾਡਲ ਸਕੂਲ ਭਦੌੜ ਦੇ ਪ੍ਰਧਾਨ ਭੂਸ਼ਣ ਕੁਮਾਰ ਸਿੰਗਲਾ, ਕਾਕਾ ਸਿੰਘ ਭਲੇਰੀਆ, ਸੇਵਕ ਸਿੰਘ ਭਲੇਰੀਆ, ਮੱਖਣ ਸਿੰਘ ਭਲੇਰੀਆ ਆਦਿ ਨੇ ਕਿਹਾ ਕਿ ਭਦੌੜ ਦਾ ਇਹ ਵਿਕਾਸ ਹੋਣਾ ਅਤਿ ਜਰੂਰੀ ਸੀ ਅਤੇ ਭਦੌੜ ਦੀਆਂ ਇਹ ਸੜਕਾਂ ਦੇ ਬਨਣ ਨਾਲ ਭਦੌੜ ਦੀ ਨੁਹਾਰ ਬਦਲੀ ਜਾਵੇਗੀ ਅਤੇ ਲੋਕਾਂ ਨੂੰ ਵਧੀਆ ਸੁਵਿਧਾਵਾਂ ਮਿਲਣ ਨਾਲ ਆਵਾਜਾਈ ’ਚ ਕੋਈ ਵਿਘਨ ਵੀ ਨਹੀਂ ਪਵੇਗਾ, ਕਿਉਂਕਿ ਪਹਿਲਾਂ ਜਿਆਦਾਤਰ ਸੜਕਾਂ ਤੇ ਵੱਡੇ ਵੱਡੇ ਟੋਏ ਪੈ ਚੁੱਕੇ ਸਨ ਅਤੇ ਕਿਸੇ ਸਮੇਂ ਕੋਈ ਵੀ ਭਿਆਨਕ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਕਿਹਾ ਕਿ ਤਿੰਨ ਕੋਣੀ ਭਦੌੜ ਤੋ ਤਹਿਸੀਲ ਕੰਪਲੈਕਸ ਤੱਕ ਜਿਆਦਾ ਟਰੈਫਿਕ ਕਾਰਨ ਲੋਕਾਂ ਨੂੰ ਆਉਣ ਜਾਣ ’ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ,ਕਿਉਂਕਿ ਸੜਕ ’ਚ ਟੋਏ ਅਤੇ ਸੜਕ ਦੇ ਟੁੱਟਣ ਕਾਰਨ ਆਮ ਲੋਕਾਂ ਨੂੰ ਆਉਣ ਜਾਣ ’ਚ ਦਿੱਕਤ ਪੇਸ਼ ਆਉਂਦੀ ਸੀ ,ਪਰ ਇਹ ਸੜਕਾਂ ਨਵੀਆਂ ਬਣਨ ਨਾਲ ਇਹ ਮੁਸ਼ਕਲਾਂ ਦਾ ਹੱਲ ਵੀ ਹੋ ਜਾਵੇਗਾ।