ਬੱਚਿਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਵੱਲ ਵੀ ਪ੍ਰੇਰਿਤ ਕਰਨ ਮਾਪੇ
ਬੱਚਿਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ ਵੱਲ ਵੀ ਪ੍ਰੇਰਿਤ ਕਰਨ ਮਾਪੇ
Publish Date: Fri, 20 Mar 2026 04:33 PM (IST)
Updated Date: Sat, 21 Mar 2026 04:04 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬੱਚੇ ’ਚ ਸੂਝ-ਸਮਝ ਅਤੇ ਸਮਝ ਦਾ ਮਾਦਾ ਪੈਦਾ ਕਰਨਾ ਮਾਪਿਆਂ ਤੇ ਅਧਿਆਪਕਾਂ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਬੱਚਾ ਜਨਮ ਤੋਂ ਲੈ ਕੇ ਤਿੰਨ ਸਾਲ ਦੀ ਉਮਰ ਤੱਕ ਆਪਣੇ ਘਰ ਦੀ ਚਾਰਦੀਵਾਰੀ ਅੰਦਰ ਪਲ਼ਦਾ ਹੈ। ਇਸ ਸਮੇਂ ਦੌਰਾਨ ਉਸ ਦੀ ਮਾਂ ਹੀ ਉਸਦੀ ਪਹਿਲੀ ਅਧਿਆਪਕ ਹੈ। ਉਸ ਨੂੰ ਜੋ ਉਸਦੇ ਮਾਪੇ ਸਿਖਾਂਦੇ ਹਨ, ਉਹ ਉਹੀ ਸਿੱਖਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਜਿੱਥੇ ਉਹ ਆਪਣੇ ਬੱਚਿਆਂ ਦੀ ਪੜ੍ਹਾਈ ’ਤੇ ਜ਼ੋਰ ਦਿੰਦੇ ਹਨ ਉੱਥੇ ਹੀ ਉਨ੍ਹਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਉਨ੍ਹਾਂ ਨੂੰ ਖੇਡਾਂ ਵੱਲ ਵੀ ਪ੍ਰੇਰਿਤ ਕਰਨ ਤਾਂ ਜੋ ਬੱਚਾ ਹਰ ਖੇਤਰ ’ਚ ਅੱਗੇ ਆ ਸਕੇ। ਪੇਸ ਹਨ ਕੁੱਝ ਸਖਸਤੀਆਂ ਦੇ ਵਿਚਾਰ। ਬੱਚਿਆਂ ਨੂੰ ਖੇਡਾਂ ’ਚ ਭਾਗ ਲੈਣ ਲਈ ਕੀਤਾ ਜਾਵੇ ਉਤਸ਼ਾਹਿਤ : ਹਰਪ੍ਰੀਤ ਸਿੰਘ ਗਿੱਲ :ਹਰਪ੍ਰੀਤ ਸਿੰਘ ਗਿੱਲ ਐਮਡੀ ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌੜ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ’ਚ ਭਾਗ ਲੈਣ ਲਈ ਵੀ ਉਤਸ਼ਾਹਿਤ ਕਰਨ ਦੀ ਬਹੁਤ ਲੋੜ ਹੈ। ਖੇਡਾਂ ਬੱਚਿਆਂ ਦੇ ਸਰਬਪੱਖੀ ਵਿਕਾਸ ਦਾ ਆਧਾਰ ਹਨ। ਸਿੱਖਿਆ ਨਾਲ ਵਿਦਿਆਰਥੀ ਦਾ ਬੌਧਿਕ ਤੇ ਅਧਿਆਤਮਿਕ ਵਿਕਾਸ ਹੁੰਦਾ ਹੈ, ਜਦੋਂਕਿ ਖੇਡਾਂ ਵਿਦਿਆਰਥੀ ਦਾ ਸਰੀਰਕ, ਮਾਨਸਿਕ ਅਤੇ ਸਮਾਜਿਕ ਆਦਿ ਹਰ ਤਰ੍ਹਾਂ ਦਾ ਵਿਕਾਸ ਕਰਦੀਆਂ ਹਨ। ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਚਾਹੀਦਾ ਹੈ। ਖੇਡਾਂ ਵਿਦਿਆਰਥੀਆਂ ’ਚ ਅਨੁਸਾਸ਼ਨ ਦੀ ਭਾਵਨਾ ਪੈਦਾ ਕਰਦੀਆਂ ਹਨ : ਸਾਗਰਜੀਤ ਖੀਪਲ : ਸਾਗਰਜੀਤ ਸਿੰਘ ਖੀਪਲ, ਡਾਇਰੈਕਟਰ, ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ, ਪੱਖੋ ਕਲਾਂ ਨੇ ਕਿਹਾ ਕਿ ਖੇਡਾਂ ਰਾਹੀਂ ਵਿਦਿਆਰਥੀਆਂ ’ਚ ਸਹਿਣਸ਼ੀਲਤਾ, ਅਨੁਸ਼ਾਸਨ, ਮਿਲਵਰਤਨ, ਲੀਡਰਸ਼ਿੱਪ, ਇਕਜੁੱਟਤਾ, ਹੌਸਲਾ, ਸਹਿਯੋਗ, ਬਹਾਦਰੀ ਆਦਿ ਗੁਣ ਪੈਦਾ ਹੁੰਦੇ ਹਨ। ਖੇਡਾਂ ਰਾਹੀਂ ਵਿਦਿਆਰਥੀਆਂ ਅੰਦਰ ਅਨੁਸ਼ਾਸਨ ਦਾ ਅਜਿਹਾ ਬੀਜ ਪੁੰਗਰਦਾ ਹੈ, ਜਿਸਦਾ ਉਨ੍ਹਾਂ ਨੂੰ ਜ਼ਿੰਦਗੀ ਦੇ ਹਰ ਮੋੜ ’ਤੇ ਲਾਭ ਮਿਲਦਾ ਹੈ। ਖੇਡਾਂ ਵਿਦਿਆਰਥੀਆਂ ਦੀ ਸ਼ਖਸੀਅਤ ਵਿੱਚ ਨੈਤਿਕਤਾ ਜਿਵੇਂ ਸਚਾਈ, ਮਿਹਨਤ, ਇਮਾਨਦਾਰੀ ਆਦਿ ਗੁਣਾਂ ਦਾ ਸੰਚਾਰ ਕਰਦੀਆਂ ਹਨ। ਖੇਡਾਂ ਵਿਦਿਆਰਥੀਆਂ ਨੂੰ ਸਰੀਰਕ ਤੌਰ ’ਤੇ ਰੱਖਦੀਆਂ ਹਨ ਫਿੱਟ : ਵਰੁਣ ਭਾਰਤੀ ਵਰੁਣ ਭਾਰਤੀ ਡਾਇਰੈਕਟਰ ਵਾਈਐਸ ਗਰੁੱਪ ਬਰਨਾਲਾ ਨੇ ਕਿਹਾ ਕਿ ਜੇਕਰ ਵਿਦਿਆਰਥੀ ਬਚਪਨ ਤੋਂ ਹੀ ਰੋਜ਼ਾਨਾ ਖੇਡ ਮੈਦਾਨ ’ਚ ਕੁਝ ਸਮਾਂ ਜਾਣ ਦਾ ਆਦੀ ਹੋ ਜਾਂਦਾ ਹੈ ਤਾਂ ਉਹ ਮੋਟਾਪਾ, ਸ਼ੂਗਰ, ਬਲੱਡ ਪ੍ਰੈੱਸ਼ਰ, ਮਾਨਸਿਕ ਤਣਾਅ ਆਦਿ ਰੋਗਾਂ ਤੋਂ ਵੀ ਬਚਿਆ ਰਹਿੰਦਾ ਹੈ। ਖੇਡਾਂ ਵਿਦਿਆਰਥੀਆਂ ਨੂੰ ਤੰਦਰੁਸਤ ਅਤੇ ਅਰੋਗ ਰੱਖਦੀਆਂ ਹਨ। ਹਰ ਵਿਦਿਆਰਥੀ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਪੜ੍ਹਾਈ ਅਤੇ ਖੇਡਾਂ ’ਚ ਸੰਤੁਲਨ ਬਣਾਉਂਦੇ ਹੋਏ ਕਿਸੇ ਨਾ ਕਿਸੇ ਖੇਡ ’ਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ। ਮਾਪੇ ਤੇ ਅਧਿਆਪਕ ਵਿਦਿਆਰਥੀਆਂ ਨੂੰ ਖੇਡਾਂ ’ਚ ਭਾਗ ਲੈਣ ਲਈ ਕਰਨ ਉਤਸ਼ਾਹਿਤ : ਮਹਿਕ ਸ਼ਰਮਾ : ਮਹਿਕ ਸ਼ਰਮਾ ਐੱਚਆਰ ਹੈੱਡ ਵਾਈਐਸ ਗਰੁੱਪ ਬਰਨਾਲਾ ਨੇ ਕਿਹਾ ਕਿ ਮਾਪਿਆਂ ਨੂੰ ਘਰਾਂ ’ਚ ਅਤੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਹਰ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਹੈ। ਸਿਹਤਮੰਦ ਸਰੀਰ ’ਚ ਹੀ ਇੱਕ ਸਿਹਤਮੰਦ ਮਨ ਦਾ ਵਾਸ ਹੁੰਦਾ ਹੈ, ਜੋ ਖੇਡਾਂ ਦੁਆਰਾ ਹੀ ਸੰਭਵ ਹੋ ਸਕਦਾ ਹੈ। ਚੰਗੀ ਸਿਹਤ ਲਈ ਖੇਡਾਂ ਨੂੰ ਕਸਰਤ ਦਾ ਸਭ ਤੋਂ ਵਧੀਆਂ ਰੂਪ ਮੰਨਿਆ ਜਾਂਦਾ ਹੈ।