ਚੋਰੀਆਂ ਕਰਨ ਵਾਲੇ 3 ਨੌਜਵਾਨ ਕਾਬੂ, 12 ਘੜੀਆਂ ਤੇ 8 ਮੋਬਾਈਲ ਬਰਾਮਦ
ਬੱਸ ਸਟੈਂਡ ਰੂੜੇਕੇ ਕਲਾਂ ਦੁਕਾਨਾਂ ’ਤੇ ਜਿੰਦੇ ਤੋੜਕੇ ਚੋਰੀਆਂ ਕਰਨ ਵਾਲੇ ਤਿੰਨ ਨੌਜਵਾਨ
Publish Date: Fri, 02 Jan 2026 05:34 PM (IST)
Updated Date: Sat, 03 Jan 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬੱਸ ਸਟੈਂਡ ਰੂੜੇਕੇ ਕਲਾਂ ਦੁਕਾਨਾਂ ’ਤੇ ਰਾਤ ਸਮੇਂ ਜਿੰਦੇ ਤੋੜਕੇ ਚੋਰੀਆਂ ਕਰਨ ਦੇ ਦੋਸ਼ਾਂ ਤਹਿਤ ਥਾਣਾ ਰੂੜੇਕੇ ਕਲਾਂ ਵਿਖੇ ਦਰਜ ਮਾਮਲੇ ’ਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਕੀਤੇ ਮੋਬਾਈਲ ਤੇ ਘੜੀਆਂ ਬਰਾਮਦ ਕੀਤਾਆਂ ਹਨ। ਸਬ-ਇੰਸਪੈਕਟਰ ਮਨਜੀਤ ਸਿੰਘ, ਮਾਮਲੇ ਦੇ ਤਫ਼ਤੀਸ਼ੀ ਹੌਲਦਾਰ ਸਿਮਰਜੀਤ ਸਿੰਘ ਨੇ ਦੱਸਿਆ ਕਿ 27 ਦਸੰਬਰ 2025 ਨੂੰ ਬੱਸ ਸਟੈਂਡ ਰੂੜੇਕੇ ਕਲਾਂ ’ਤੇ ਘੜੀਆਂ ਤੇ ਮੋਬਾਈਲਾਂ ਦੀ ਦੁਕਾਨ ਕਰਦੇ ਰਾਜੂ ਕੁਮਾਰ ਪੁੱਤਰ ਛੋਟਾ ਰਾਮ ਵਾਸੀ ਹੰਡਿਆਇਆ ਨੇ ਆਪਣੇ ਬਿਆਨ ਰਾਹੀਂ ਦੱਸਿਆ ਸੀ ਕਿ 26 ਤੇ 27 ਦਸੰਬਰ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀ ਉਸ ਦੀ ਦੁਕਾਨ ਦੇ ਸ਼ਟਰ ਦੇ ਜਿੰਦੇ ਤੋੜ ਕੇ ਮੋਬਾਈਲ ਤੇ ਘੜੀਆਂ ਤੇ ਦੁਕਾਨਦਾਰ ਸੁਭਾਸ਼ ਚੰਦ ਪੁੱਤਰ ਜਗਨਨਾਥ ਵਾਸੀ ਰੂੜੇਕੇ ਕਲਾਂ ਪ੍ਰਚੂਨ ਦੀ ਦੁਕਾਨ ਦਾ ਸ਼ਟਰ ਦੇ ਜਿੰਦੇ ਤੋੜ ਉਸਦੀ ਦੁਕਾਨ ’ਚੋਂ 4-5 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਦੁਕਾਨਦਾਰਾਂ ਦੇ ਬਿਆਨਾਂ ਅਨੁਸਾਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਸੀਸੀਟੀਵੀ ਦੀ ਫੁਟੇਜ ਨੂੰ ਦੇਖਣ ’ਤੇ ਪੀੜਤ ਦੁਕਾਨਦਾਰਾਂ ਨੇ ਰੂੜੇਕੇ ਕਲਾਂ ਦੇ ਤਿੰਨ ਨੌਜਵਾਨ ਚੋਰੀ ਕਰਨ ਸਬੰਧੀ ਦੱਸਿਆ ਸੀ। ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਅਨਾਜ ਮੰਡੀ ਪੱਖੇ ਕਲਾਂ ਤੋਂ ਤਿੰਨ ਨੌਜਵਾਨਾਂ ਜਸਪ੍ਰੀਤ ਸਿੰਘ ਉਰਛ ਬਿੱਲਾ, ਗੁਰਲਾਲ ਸਿੰਘ ਉਰਫ਼ ਲਾਲੀ, ਹੈਪੀ ਸਿੰਘ ਵਾਸੀਆਨ ਰੂੜੇਕੇ ਕਲਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲ ਦੁਕਾਨਾਂ ਵਿਚੋਂ ਚੋਰੀ ਕੀਤੀਆਂ 12 ਘੜੀਆਂ ਤੇ 8 ਮੋਬਾਈਲ ਫੋਨ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਨੌਜਵਾਨਾਂ ਨੂੰ ਅਦਾਲਤ ਬਰਨਾਲਾ ਵਿਖੇ ਪੇਸ਼ ਕਰ ਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਸਹਾਇਕ ਥਾਣੇਦਾਰ ਭੋਲਾ ਸਿੰਘ ਤੋਂ ਇਲਾਵਾ ਪੁਲਿਸ ਪਾਰਟੀ ਰਾਜ਼ਰ ਸੀ।