ਬਰਨਾਲਾ ’ਚ ਲੁਟੇਰਿਆਂ ਨੇ ਪੁਲਿਸ ਨੂੰ ਪਾਇਆ ਭਾਜੜਾ, 3 ਜਾਣਿਆਂ ਨੇ 4 ਸ਼ਰਾਬ ਦੇ ਠੇਕਿਆਂ ਤੋਂ ਲੁੱਟੇ 77 ਹਜ਼ਾਰ
ਮੋਟਰਸਾਇਲ ਸਵਾਰ ਤਿੰਨ ਲੁਟੇਰਿਆਂ ਨੇ ਚਾਰ ਵੱਖ ਵੱਖ ਥਾਵਾਂ ’ਤੇ ਸ਼ਰਾਬ ਦੇ ਠੇਕਿਆਂ ਨੂੰ ਬਣਾਇਆ ਨਿਸ਼ਾਨਾ
Publish Date: Sun, 12 Apr 2026 05:59 PM (IST)
Updated Date: Mon, 13 Apr 2026 04:10 AM (IST)

ਪੁਲਿਸ ਨੂੰ ਪਾਈਆਂ ਭਾਜੜਾਂ, ਚੋਰ ਇਕ ਠੇਕੇ ਨੂੰ ਅੰਜਾਮ ਦਿੰਦੇ ਤੇ ਦੂਜੇ ’ਤੇ ਪੁੱਜ ਜਾਂਦੇ ਜਦ ਪੁਲਿਸ ਆਉਂਦੀ ਤਾਂ ਉਹ ਫ਼ਰਾਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਅੰਦਰ ਚੋਰਾਂ ਦੇ ਹੌਂਸਲ ਐਨੇ ਜ਼ਿਆਦਾ ਬੁਲੰਦ ਹੋ ਚੁੱਕੇ ਹਨ ਕਿ ਉਹ ਪੁਲਿਸ ਨੂੰ ਟਿੱਚ ਜਾਣਦੇ ਹਨ। ਅਜਿਹੇ ਹੀ ਇਕ ਮਾਮਲਾ ਬੀਤੀ ਰਾਤ ਸਾਹਮਣੇ ਆਇਆ ਹੈ, ਜਿੱਥੇ ਤਿੰਨ ਮੋਟਰਸਾਇਕਲ ਸਵਾਰ ਤਿੰਨ ਅਣਪਛਾਤੇ ਲੁਟੇਰਿਆਂ ਨੇ ਬੇਖ਼ੋਫ਼ ਚਾਰ ਵੱਖ-ਵੱਖ ਥਾਵਾਂ ’ਤੇ ਸ਼ਰਾਬ ਦੇ ਠੇਕਿਆਂ ’ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਨਕਦੀ ਲੈ ਕੇ ਫ਼ਰਾਹ ਹੋ ਗਏ। ਪੁਲਿਸ ਜਦ ਵਾਰਦਾਤ ਵਾਲੀ ਜਗ੍ਹਾਂ ’ਤੇ ਪੁੱਜਦੀ ਤਾਂ ਉਹ ਦੂਜੀ ਥਾਂ ’ਤੇ ਵਾਰਦਾਤ ਕਰ ਦਿੰਦੇ ਜਦ ਉਹ ਦੂਜੀ ਥਾਂ ਪੁੱਜਦੇ ਤਾਂ ਉਹ ਅਗਲੇ ਠੇਕੇ ’ਤੇ ਕਾਂਡ ਕਰ ਕੇ ਨਿਕਲ ਜਾਂਦੇ ਪਰ ਉਹ ਹੱਥ ਨਹੀਂ ਆਏ। ਲੁਟੇਰਿਆਂ ਨੇ ਪੁਲਿਸ ਦੀ ਸਪੀਡ ਦਾ ਪਹਿਲਾਂ ਹੀ ਅੰਦਾਜਾ ਲਗਾ ਲਿਆ ਸੀ, ਜਦੋਂ ਪੁਲਿਸ ਇਕ ਵਾਰਦਾਤ ਵਾਲੀ ਥਾਂ ਪਹੁੰਚੀ ਤਾਂ ਲੁਟੇਰੇ ਸ਼ਰੇਆਮ ਚੁਣੌਤੀ ਦਿੰਦੇ ਹੋਏ ਅਗਲੇ ਠੇਕੇ ’ਤੇ ਪਹੁੰਚ ਜਾਂਦੇ ਹਨ। ਇਨ੍ਹਾਂ ਤਿੰਨ ਲੁਟੇਰਿਆਂ ਨੇ ਬਰਨਾਲਾ ਪੁਲਿਸ ਨੂੰ ਆਪਣੀਆਂ ਉਂਗਲਾਂ ’ਤੇ ਨਚਾਊਂਦਿਆਂ ਲੁੱਟਾਂ ਦੀਆਂ ਘਟਨਾਵਾਂ ਨੂੰ ਅਸਾਨੀ ਦੇ ਨਾਲ ਅੰਜਾਮ ਦਿੱਤਾ। ਲੁਟੇਰਿਆਂ ਨੇ ਪਹਿਲਾਂ ਤਪਾ ਢਿੱਲਵਾਂ ਰੋਡ ’ਤੇ ਸਥਿੱਤ ਢਿੱਲਵਾਂ ਸ਼ਰਾਬ ਦੇ ਠੇਕੇ ਪੁੱਜ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ, ਜਿੱਥੇ ਉਨ੍ਹਾਂ ਦੇ ਹੱਥ ਕੁੱਝ ਨਹੀਂ ਲੱਗਿਆ। ਫਿਰ ਸੁਖਪੁਰਾ ਮੌੜ ’ਤੇ ਸਥਿੱਤ ਠੇਕੇ ’ਤੇ ਧਾਵਾ ਬੋਲਿਆ ਤੇ ਉੱਥੋ ਕਰਿੰਦੇ ਕੋਲੋਂ 25 ਹਜ਼ਾਰ ਰੁਪਏ ਦੇ ਕਰੀਬ ਨਕਦੀ ਲੈ ਕੇ ਫ਼ਰਾਰ ਹੋ ਗਏ। ਉਸ ਤੋਂ ਬਾਅਦ ਲੁਟੇਰਿਆਂ ਨੇ ਬਰਨਾਲਾ ਬਾਜਾਖਾਨ ਰੋਡ ’ਤੇ ਸਥਿੱਤ ਜੇਲ੍ਹ ਰੋਡ ’ਤੇ ਬਣੇ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਇਆ, ਜਿੱਥੇ ਉਨ੍ਹਾਂ 52 ਹਜ਼ਾਰ ਰੁਪਏ ਦੇ ਕਰੀਬ ਨਕਦੀ ਲੁੱਟੀ ਤੇ ਫ਼ਰਾਰ ਹੋ ਗਏ। ਇਨ੍ਹਾਂ ਘਟਨਾਵਾਂ ’ਚ ਪੁਲਿਸ ਦੇ ਸੀਸੀਟੀਵੀ ਕੈਮਰੇ ਵੀ ਕੰਮ ’ਚ ਨਹੀਂ ਆਏ ਤੇ ਪੁਲਿਸ ਲੁਟੇਰਿਆਂ ਨੂੰ ਫੜਨ ’ਚ ਨਾਕਾਮ ਰਹੀ। ਸੇਲਜ਼ਮੈਨ ਰੋਹਿਤ ਚੌਹਾਨ ਨੇ ਲੁਟੇਰਿਆਂ ਦਾ ਕੀਤਾ ਸਾਹਮਣਾ ਤੇ ਠੇਕੇ ਨੂੰ ਲੁੱਟ ਤੋਂ ਬਚਾਇਆ ਉਸ ਤੋਂ ਬਾਅਦ ਲੁਟੇਰਿਆਂ ਨੇ ਪਿਸਤੌਲ ਦੀ ਜ਼ੋਰ ’ਤੇ ਬਰਨਾਲਾ-ਸੰਗਰੂਰ ਰੋਡ ’ਤੇ ਸਥਿੱਤ ਬਡਬਰ ਠੇਕੇ ਨੂੰ ਲੁੱਟ ਦੀ ਕੋਸਿਸ਼ ਕਰਨ ਲੱਗੇ, ਪਰ ਉੱਥੇ ਸਥਿੱਤ ਸੇਲਜਮੈਨ ਰੋਹਿਤ ਚੌਹਾਨ ਨੇ ਲੁਟੇਰਿਆਂ ਦਾ ਸਾਹਮਣਾ ਕੀਤਾ ਜਦ ਲੁਟੇਰੇ ਠੇਕੇ ਦਾ ਜਿੰਦਰਾ ਤੋੜ ਰਹੇ ਸਨ ਤਾਂ ਕਰਿੰਦੇ ਨੇ ਉਨ੍ਹਾਂ ’ਤੇ ਸ਼ਰਾਬ ਦੀਆਂ ਬੋਤਲਾਂ ਨਾਲ ਹਮਲਾ ਕਰ ਦਿੱਤਾ ਤੇ ਆਸਪਾਸ ਰੌਲਾ ਪੈਣ ’ਤੇ ਲੁਟੇਰੇ ਫ਼ਰਾਰ ਹੋ ਗਏ। ਇਸ ਘਟਨਾ ਦੀ ਖੜ੍ਹੇ ਲੋਕਾਂ ਨੇ ਵੀਡਿਓ ਬਣਾ ਲਈ ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਵਾਇਰਲ ਹੋਈ। ਪਿਸਤੌਲ ਦੇ ਜ਼ੋਰ ’ਤੇ ਲੁੱਟੀ ਨਕਦੀ ਤੇ ਸਾਮਾਨ ਵੀ ਕੀਤਾ ਚੋਰੀ : ਬਾਠ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਦੀਪ ਸਿੰਘ ਬਾਠ ਨੇ ਦੱਸਿਆ ਕਿ ਉਨ੍ਹਾਂ ਦਾ ਜਿੰਦਲ ਵਾਇਨ ਜ਼ੋਨ ਨੰਬਰ 1 ਬਰਨਾਲਾ ਗਰੁੱਪ ਦਾ ਜੇਲ੍ਹ ਰੋਡ ’ਤੇ ਠੇਕਾ ਖੋਲ੍ਹਿਆ ਹੋਇਆ ਹੈ। ਬੀਤੀ ਸ਼ਾਮ 3 ਵਿਅਕਤੀ ਮੂੰਹ ਬੰਨ੍ਹੇ ਮੋਟਰਸਾਈਕਲ ’ਤੇ ਆਏ ਤੇ ਉਨ੍ਹਾਂ ਨੇ ਪਿਸਤੌਲ ਦੇ ਜ਼ੋਰ ’ਤੇ ਕਰਿੰਦੇ ਦੀ ਕੁੱਟਮਾਰ ਕਰ ਕੇ ਉਸ ਕੋਲੋਂ 52 ਹਜ਼ਾਰ ਰੁਪਏ ਦੀ ਨਕਦੀ ਚੋਰੀ ਕੀਤੀ ਤੇ ਸਾਮਾਨ ਵੀ ਚੋਰੀ ਕਰ ਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਠੇਕੇ ’ਤੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਸਨ। ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਜਾ ਚੁੱਕੀ ਹੈ। ਮਾਮਲੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਜਾ ਰਹੀ ਹੈ : ਸਚਿਨ ਸੂਦ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੂਦ ਗਰੁੱਪ ਦੇ ਸਚਿਨ ਸੂਦ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਦੇ ਤਿੰਨ ਸ਼ਰਾਬ ਦੇ ਠੇਕੇ ਢਿੱਲਵਾਂ, ਬਡਬਰ ਤੇ ਸੁਖਪੁਰਾ ਮੌੜ ’ਤੇ ਸਥਿੱਤ ਸਨ, ਬੀਤੀ ਰਾਤ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸ਼ਰਾਬ ਦੇ ਠੇਕਿਆਂ ’ਤੇ ਹਮਲਾ ਕੀਤਾ, ਸੁਖਪੁਰਾ ਮੌੜ ਦੇ ਸ਼ਰਾਬ ਦੇ ਠੇਕੇ ਤੋਂ ਲੁਟੇਰੇ ਨਕਦੀ ਲੈ ਕੇ ਫ਼ਰਾਰ ਹੋ ਗਏ ਜਦਕਿ ਬਾਕੀ ਠੇਕਿਆਂ ਤੋਂ ਲੁੱਟਣ ’ਚ ਨਾਮਕਾਮ ਰਹੇ। ਉਨ੍ਹਾ ਵੱਲੋਂ ਇਸ ਮਾਮਲੇ ’ਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਪੁਲਿਸ ਨੂੰ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਤਪਾ ਤੇ ਬਰਨਾਲਾ ਵਿਖੇ ਸੂਚਨਾ ਦਿੱਤੀ ਜਾ ਚੁੱਕੀ ਹੈ। : ਪੁਲਿਸ ਵੱਲੋਂ ਜਾਂਚ ਸ਼ੁਰੂ: ਡੀਐੱਸਪੀ ਇਸ ਸਬੰਧੀ ਜਦ ਡੀਐੱਸਪੀ ਸਤਵੀਰ ਸਿੰਘ ਬੈਂਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਵੱਖ-ਵੱਖ ਥਾਣਿਆਂ ’ਚ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।