ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ’ਚ ਤਿੰਨ ਰੋਜਾ ਜੋੜ ਮੇਲਾ ਮਨਾਇਆ
ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ’ਚ ਤਿੰਨ ਰੋਜਾ ਜੋੜ ਮੇਲਾ ਮਨਾਇਆ
Publish Date: Tue, 10 Feb 2026 04:36 PM (IST)
Updated Date: Wed, 11 Feb 2026 04:00 AM (IST)

ਧਾਰਮਿਕ ਦੀਵਾਨ , ਢਾਡੀ-ਕਵੀਸ਼ਰੀ ਵਾਰਾਂ ਤੇ ਨਗਰ ਕੀਰਤਨ ਰਾਹੀਂ ਸੰਗਤ ਨੇ ਦਿੱਤੀ ਸ਼ਰਧਾਂਜਲੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਕੁਤਬਾ ਵਿਖੇ ਵੱਡਾ ਘੱਲੂਘਾਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਨ 1762 ਦੇ ਵੱਡੇ ਘੱਲੂਘਾਰੇ ’ਚ ਸ਼ਹੀਦ ਹੋਏ ਕਰੀਬ 35 ਹਜ਼ਾਰ ਸਿੰਘ-ਸਿੰਘਣੀਆਂ ਅਤੇ ਭੁਜੰਗੀਆਂ ਦੀ ਯਾਦ ’ਚ ਸਲਾਨਾ ਤਿੰਨ ਰੋਜ਼ਾ ਜੋੜ ਮੇਲਾ ਪੂਰੇ ਧਾਰਮਿਕ ਜਜ਼ਬੇ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵੱਖ-ਵੱਖ ਧਾਰਮਿਕ ਸ਼ਖਸੀਅਤਾਂ, ਕਥਾਵਾਚਕਾਂ, ਢਾਡੀ ਜਥਿਆਂ ਅਤੇ ਕਵੀਸ਼ਰੀ ਜਥਿਆਂ ਵੱਲੋਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਵਿਸਥਾਰ ਨਾਲ ਵਰਣਨ ਕਰਦਿਆਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ। ਪ੍ਰਚਾਰਕਾਂ ਨੇ ਕਿਹਾ ਕਿ ਸੰਨ 1762 ਈਸਵੀ ਵਿੱਚ ਕੁਪਰਹੀੜਾ ਤੋਂ ਗਹਿਲ ਤੱਕ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਡਟ ਕੇ ਟੱਕਰ ਲੈਂਦਿਆਂ ਹਜ਼ਾਰਾਂ ਸਿੰਘ-ਸਿੰਘਣੀਆਂ ਨੇ ਸਿੱਖ ਕੌਮ ਦੀ ਰੱਖਿਆ ਲਈ ਅਦੁੱਤੀ ਸ਼ਹਾਦਤਾਂ ਦਿੱਤੀਆਂ ਅਤੇ ਪਿੰਡ ਕੁਤਬਾ ਦੀ ਢਾਬ ’ਤੇ ਪਾਣੀ ਪੀ ਕੇ ਜੁਲਮ ਦੇ ਖ਼ਿਲਾਫ਼ ਡਟੇ ਰਹੇ। ਉਨ੍ਹਾਂ ਕਿਹਾ ਕਿ ਇਹ ਕੁਰਬਾਨੀਆਂ ਅੱਜ ਵੀ ਕੌਮ ਲਈ ਪ੍ਰੇਰਣਾ ਦਾ ਸਰੋਤ ਹਨ। ਸਮਾਗਮ ਵਿੱਚ ਸਮਾਜ ਸੇਵੀ ਬਾਬਾ ਭਪਿੰਦਰ ਸਿੰਘ ਖਾਲਸਾ ਜੀ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜ ਕੇ ਸ਼ਹੀਦਾਂ ਦੀ ਵਿਰਾਸਤ ਨੂੰ ਯਾਦ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਧਨੋਆ ਦੀ ਅਗਵਾਈ ਹੇਠ ਪ੍ਰਬੰਧਕਾਂ ਵੱਲੋਂ ਧਾਰਮਿਕ ਸ਼ਖਸੀਅਤਾਂ, ਢਾਡੀ ਅਤੇ ਕਵੀਸ਼ਰੀ ਜਥਿਆਂ ਨੂੰ ਸਿਰੋਪੇ ਭੇਟ ਕਰਕੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਨਗਰ ਕੀਰਤਨ ਵੀ ਸਜਾਇਆ ਗਿਆ ਜਿਸ ਦੌਰਾਨ ਪਿੰਡ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾ ਪ੍ਰਗਟਾਈ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਇਸ ਮੌਕੇ ਹੈਡ ਗ੍ਰੰਥੀ ਗੁਰਸੇਵਕ ਸਿੰਘ, ਖਜਾਨਚੀ ਦਵਿੰਦਰ ਸਿੰਘ, ਸਟੇਜ ਸਕੱਤਰ ਹਰਨੇਕ ਸਿੰਘ, ਹਰਦੇਵ ਸਿੰਘ, ਹਰਚੰਦ ਸਿੰਘ, ਗੁਰਪ੍ਰੀਤ ਸਿੰਘ ਚੀਮਾ, ਗੁਰਿੰਦਰ ਸਿੰਘ, ਜਸਵਿੰਦਰ ਸਿੰਘ ਚੀਮਾ, ਸੁਖਦੀਪ ਸਿੰਘ, ਸੂਬੇਦਾਰ ਗੁਰਮੇਲ ਸਿੰਘ,ਸਾਬਕਾ ਚੇਅਰਮੈਨ ਅਜੀਤ ਸਿੰਘ ਸੰਧੂ ਕੁਤਬਾ, ਸਰਪੰਚ ਪ੍ਰਦੀਪ ਸਿੰਘ ਰਾਏ, ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਧਨੋਆ, ਬਲਾਕ ਪ੍ਰਧਾਨ ਸਿਕੰਦਰ ਸਿੰਘ, ਜੱਗਾ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਜੀਤ ਸਿੰਘ ਗਰੇਵਾਲਾ, ਜਗਜੀਤ ਸਿੰਘ ਪੰਚ, ਚਰਨਪ੍ਰੀਤ ਸਿੰਘ, ਡਾ. ਦਲਵਾਰ ਸਿੰਘ, ਮਨਜਿੰਦਰ ਸਿੰਘ ਰਾਏ, ਸਤਿਨਾਮ ਸਿੰਘ, ਲਖਵਿੰਦਰ ਸਿੰਘ, ਇਕਬਾਲ ਸਿੰਘ ਬਾਠ ਅਤੇ ਨਰਿੰਦਰ ਸਿੰਘ ਬਾਠ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਰਹੀਆਂ।