ਬਰਨਾਲਾ ਵਿਖੇ ਸਾਮਰਾਜ ਵਿਰੋਧੀ ਕਾਨਫਰੰਸ ’ਚ ਪਹੁੰਚਣਗੇ ਹਜ਼ਾਰਾਂ ਕਿਰਤੀ ਲੋਕ
ਬਰਨਾਲਾ ਵਿਖੇ ਸਾਮਰਾਜ ਵਿਰੋਧੀ ਕਾਨਫਰੰਸ ’ਚ ਪਹੁੰਚਣਗੇ ਹਜ਼ਾਰਾਂ ਕਿਰਤੀ ਲੋਕ
Publish Date: Sun, 22 Mar 2026 04:47 PM (IST)
Updated Date: Mon, 23 Mar 2026 04:02 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜਨਤਕ ਜਥੇਬੰਦੀਆਂ ਦੇ ਫੈਸਲੇ ਤਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ,ਭਾਰਤੀ ਕਿਸਾਨ ਯੂਨੀਅਨ ਏਕਤਾ ( ਡਕੌਂਦਾ ਧਨੇਰ ) ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ( ਬੁੱਟਰ ) ਦੇ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ 23ਮਾਰਚ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਸਾਮਰਾਜ ਵਿਰੋਧੀ ਕਾਨਫਰੰਸ ਚ ਹਜ਼ਾਰਾਂ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਔਰਤਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਹ ਦਾਅਵਾ ਅੱਜ਼ ਦਾਣਾ ਮੰਡੀ ਬਰਨਾਲਾ ਵਿਖੇ ਪੰਜਾਬ ਭਰ ਚੋਂ ਪਹੁੰਚੀਆਂ ਰਿਪੋਰਟਾਂ ਦੇ ਅਧਾਰ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੁੱਟਰ ਦੇ ਆਗੂ ਮਨਜੀਤ ਰਾਜ ਵੱਲੋਂ ਕੀਤਾ ਗਿਆ। ਇਸ ਮੌਕੇ ਮੁਲਾਜ਼ਮ ਆਗੂ ਗੁਰਮੀਤ ਸਿੰਘ ਸੁਖਪੁਰਾ, ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਤੇ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ , ਜੁਗਰਾਜ ਸਿੰਘ ਹਰਦਾਸਪੁਰਾ,ਗੁਰਚਰਨ ਸਿੰਘ ਮਾਛੀਕੇ ਵੀ ਮੌਜੂਦ ਸਨ। ਉਕਤ ਆਗੂਆਂ ਨੇ ਆਖਿਆ ਕਿ ਇਹ ਕਾਨਫਰੰਸ ਦੇਸ਼ ਦੇ ਵਿੱਚੋਂ ਸਾਮਰਾਜੀ ਲੁੱਟ ਤੇ ਦਾਬੇ ਖ਼ਿਲਾਫ਼ ਜੂਝਣ ਦਾ ਅਹਿਮ ਸੰਦੇਸ਼ ਦੇਵੇਗੀ। ਉਹਨਾਂ ਆਖਿਆ ਕਿ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਸਮੇਤ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਵੱਲੋਂ ਦੇਸ਼ ਦੇ ਵਿੱਚੋਂ ਸਾਮਰਾਜੀ ਲੁੱਟ ਤੇ ਗਲਬੇ ਨੂੰ ਖਤਮ ਕਰਨ ਦਾ ਲਿਆ ਗਿਆ ਸੁਪਨਾ ਅਜੇ ਅਧੂਰਾ ਹੈ। ਉਹਨਾਂ ਆਖਿਆ ਕਿ ਦੇਸ਼ ਦੇ ਵਿੱਚੋਂ ਹਰ ਕਿਸਮ ਦੇ ਲੁੱਟ ਤੇ ਦਾਬੇ ਸਮੇਤ ਜਾਤਪਾਤੀ ਦਾਬੇ ਤੇ ਫਿਰਕਾਪ੍ਰਸਤੀ ਵਰਗੀਆਂ ਅਲਾਮਤਾਂ ਤੋਂ ਮੁਕਤੀ ਲਈ ਜੂਝਣਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਹਨਾਂ ਆਖਿਆ ਕਿ ਮੌਜੂਦਾ ਸਮੇਂ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਸਾਮਰਾਜੀ ਮੁਲਕਾਂ ਤੇ ਕੰਪਨੀਆਂ ਨੂੰ ਰਾਸ ਬਹਿੰਦੀਆਂ ਨੀਤੀਆਂ ਤਹਿਤ ਹੀ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਭਾਰਤ ਅਮਰੀਕਾ ਮੁਕਤ ਵਪਾਰ ਵਰਗੇ ਦੇਸ਼ ਧਰੋਹੀ ਸਮਝੌਤੇ ਕੀਤੇ ਜਾ ਰਹੇ ਹਨ। ਉਹਨਾਂ ਆਖਿਆ ਕਿ ਕਾਨਫਰੰਸ ਦੌਰਾਨ ਅਮਰੀਕਾ ਅਤੇ ਇਜ਼ਰਾਈਲ ਵਲੋਂ ਇਰਾਨ ਦੇ ਉਤੇ ਮੜ੍ਹੀ ਨਿਹੱਕੀ ਜੰਗ ਦੇ ਖਿਲਾਫ ਵੀ ਅਵਾਜ਼ ਬੁਲੰਦ ਕੀਤੀ ਜਾਵੇਗੀ। ਉਹਨਾਂ ਆਖਿਆ ਕਿ ਕਾਨਫਰੰਸ ਚ ਵੱਖ ਵੱਖ ਵਰਗਾਂ ਦੀਆਂ ਜਥੇਬੰਦੀਆਂ ਵੱਲੋਂ ਵੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਇਸ ਵਿਸ਼ਾਲ ਕਾਨਫਰੰਸ ਲਈ ਟੈਟ ਤੇ ਸਾਊਂਂਡ ਲਾਉਣੀਆਂ ਦੀਆਂ ਤਿਆਰੀਆਂ ਚ ਪਿਛਲੇ ਦੋ ਦਿਨਾਂ ਤੋਂ ਜੰਗੀ ਪੱਧਰ ਤੇ ਵਿੱਢੀਆਂ ਹੋਈਆਂ ਹਨ।