ਪਿੰਡ ਖੁੱਡੀ ਕਲਾਂ ’ਚ ਮੋਟਰਾਂ ਦੀਆਂ ਤਾਰਾਂ ਚੋਰੀ
ਪਿੰਡ ਖੁੱਡੀ ਕਲਾਂ ’ਚ ਚੋਰਾਂ ਦਾ ਕਹਿਰ, ਮੋਟਰਾਂ ਦੀਆਂ ਤਾਰਾਂ ਚੋਰੀ
Publish Date: Sun, 15 Mar 2026 04:44 PM (IST)
Updated Date: Mon, 16 Mar 2026 04:04 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ’ਚ ਚੋਰਾਂ ਵੱਲੋਂ ਬੇਖੌਫ ਹੋ ਕੇ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਨੇ ਇੱਕੋ ਰਾਤ ’ਚ ਖੇਤਾਂ ’ਚ ਲੱਗੀਆਂ 20 ਤੋਂ 22 ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਇਸ ਘਟਨਾ ਤੋਂ ਬਾਅਦ ਪਿੰਡ ਦੇ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਜਸ਼ੈਲੀ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤ ਮਾਲਕ ਗੁਰਨੈਬ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਆਪਣੇ ਖੇਤਾਂ ’ਚ ਮੋਟਰ ਚਲਾਉਣ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੋਟਰ ਦੀ ਤਾਰ ਚੋਰੀ ਹੋ ਚੁੱਕੀ ਹੈ। ਬਾਅਦ ’ਚ ਪਤਾ ਲੱਗਿਆ ਕਿ ਪਿੰਡ ਦੇ ਹੋਰ ਕਈ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰਾਂ ਵੱਲੋਂ ਚੋਰੀ ਕਰ ਲਈਆਂ ਗਈਆਂ ਹਨ ਤੇ ਇੱਕੋ ਰਾਤ ’ਚ 20-22 ਮੋਟਰਾਂ ਦੀਆਂ ਤਾਰਾਂ ਉਤਾਰ ਲਈਆਂ ਗਈਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਕੋ ਰਾਤ ’ਚ ਇੰਨੀ ਵੱਡੀ ਗਿਣਤੀ ’ਚ ਮੋਟਰਾਂ ਦੀਆਂ ਤਾਰਾਂ ਚੋਰੀ ਹੋਣਾ ਇਹ ਦਰਸਾਉਂਦਾ ਹੈ ਕਿ ਇਸ ਦੇ ਪਿੱਛੇ ਕਿਸੇ ਵੱਡੇ ਗਿਰੋਹ ਦਾ ਹੱਥ ਹੋ ਸਕਦਾ ਹੈ, ਕਿਉਂਕਿ ਇੱਕ ਜਾਂ ਦੋ ਵਿਅਕਤੀਆਂ ਵੱਲੋਂ ਇੰਨੀ ਵੱਡੀ ਚੋਰੀ ਕਰਨਾ ਸੰਭਵ ਨਹੀਂ। ਕਿਸਾਨਾਂ ਨੇ ਦੱਸਿਆ ਕਿ ਚੋਰ ਤਾਰਾਂ ’ਚੋਂ ਤਾਂਬਾ ਕੱਢ ਕੇ ਥੋੜ੍ਹੇ ਪੈਸਿਆਂ ’ਚ ਵੇਚ ਦਿੰਦੇ ਹਨ, ਪਰ ਮੋਟਰ ਮਾਲਕਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਝੱਲਣਾ ਪੈਂਦਾ ਹੈ। ਪ੍ਰਭਾਵਿਤ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਅਤੇ ਇਲਾਕੇ ’ਚ ਰਾਤ ਸਮੇਂ ਗਸ਼ਤ ਵਧਾਈ ਜਾਵੇ। ਇਸ ਮੌਕੇ ਮੋਟਰ ਮਾਲਕ ਜਗਦੇਵ ਸਿੰਘ, ਲਾਲ ਸਿੰਘ, ਬੂਟਾ ਸਿੰਘ, ਜਗਰੂਪ ਸਿੰਘ, ਜਗਜੀਤ ਸਿੰਘ, ਮਲਕੀਤ ਸਿੰਘ, ਲਖਵਿੰਦਰ ਸਿੰਘ, ਬਲਵੀਰ ਸਿੰਘ, ਗੁਰਜੰਟ ਸਿੰਘ, ਗੁਰਦੀਪ ਸਿੰਘ, ਲਵਪ੍ਰੀਤ ਸਿੰਘ, ਮਲਕੀਤ ਸਿੰਘ ਅਤੇ ਪੰਚ ਨਿਰਮਲ ਸਿੰਘ ਵੀ ਮੌਜੂਦ ਸਨ।