ਚੋਰਾਂ ਨੇ 5 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਵਪਾਰੀਆਂ ’ਚ ਦਹਿਸ਼ਤ
ਚੋਰਾਂ ਨੇ 5 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਵਪਾਰੀਆਂ ‘ਚ ਦਹਿਸ਼ਤ
Publish Date: Wed, 08 Apr 2026 05:26 PM (IST)
Updated Date: Wed, 08 Apr 2026 05:29 PM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ ਸੰਗਰੂਰ : ਸੰਗਰੂਰ ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੋਣ ਕਾਰਨ ਵਪਾਰੀਆਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਮੰਗਲਵਾਰ ਰਾਤ ਚੋਰਾਂ ਨੇ ਉੱਪਲੀ ਰੋਡ ਅਤੇ ਮਹਿਲਾਂ ਰੋਡ ਉੱਪਰ ਬਣੀਆਂ ਕੁੱਲ 5 ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਅਤੇ ਨਕਦੀ ਤੇ ਸਾਮਾਨ ਲੈ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਅਤੇ ਨਾਕੇਬੰਦੀ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਮਹਿਲਾਂ ਰੋਡ ਉੱਪਰ ਸਥਿਤ ਗੌਰਵ ਸਪੇਅਰ ਪਾਰਟ ਦੀ ਦੁਕਾਨ ਦੇ ਮਾਲਕ ਸੰਦੀਪ ਕੁਮਾਰ ਗੌਰਵ ਨੇ ਦੱਸਿਆ ਕਿ ਰਾਤ ਕਰੀਬ ਸਵਾ ਨੌਂ ਵਜੇ ਗੁਆਂਢੀਆਂ ਦੇ ਫੋਨ ’ਤੇ ਉਹ ਦੁਕਾਨ ’ਤੇ ਪਹੁੰਚੇ ਤਾਂ ਸ਼ਟਰ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਗੱਲੇ ’ਚੋਂ ਤਿੰਨ ਹਜ਼ਾਰ ਰੁਪਏ ਗਾਇਬ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ 24 ਜਨਵਰੀ 2026 ਨੂੰ ਉਨ੍ਹਾਂ ਦੀ ਦੁਕਾਨ ’ਚ ਚੋਰੀ ਹੋ ਚੁੱਕੀ ਹੈ, ਜਿਸ ਵਿੱਚ ਕਰੀਬ 40 ਹਜ਼ਾਰ ਰੁਪਏ ਅਤੇ ਮੋਬਾਈਲ ਚੋਰੀ ਹੋ ਗਏ ਸੀ, ਪਰ ਪੁਲਿਸ ਹਾਲੇ ਤੱਕ ਦੋਸ਼ੀਆਂ ਨੂੰ ਕਾਬੂ ਨਹੀਂ ਕਰ ਸਕੀ। ਉੱਪਲੀ ਰੋਡ ’ਤੇ ਟੇਲਰ ਦਾ ਕੰਮ ਕਰਨ ਵਾਲੇ ਸੱਤਪਾਲ ਨੇ ਦੱਸਿਆ ਕਿ ਗੁਆਂਢੀਆਂ ਨੇ ਸ਼ਾਮ ਵੇਲੇ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਦੁਕਾਨ ਖੁੱਲੀ ਪਈ ਹੈ। ਮੌਕੇ ’ਤੇ ਪਹੁੰਚਣ ‘ਤੇ ਤਿੰਨ ਲੇਡੀਜ਼ ਸੂਟ ਚੋਰੀ ਹੋਏ ਮਿਲੇ। ਇਸੇ ਤਰ੍ਹਾਂ ਕਰਿਆਨੇ ਦੀ ਦੁਕਾਨ ਦੇ ਮਾਲਕ ਸਖਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਵਿੱਚੋਂ 30-35 ਹਜ਼ਾਰ ਰੁਪਏ ਨਕਦ ਅਤੇ 10-12 ਹਜ਼ਾਰ ਦੀਆਂ ਸਿਗਰਟਾਂ ਚੋਰੀ ਹੋਈਆਂ ਹਨ। ਮਾਰਕੀਟ ਦੇ ਹੋਰ ਵਪਾਰੀ ਵੀ ਚੋਰੀਆਂ ਤੋਂ ਪਰੇਸ਼ਾਨ ਹਨ। ਮੈਡੀਕਲ ਹਾਲ ਦੇ ਮਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ’ਚ ਪਹਿਲਾਂ ਵੀ ਕਈ ਵਾਰ ਚੋਰੀ ਹੋ ਚੁੱਕੀ ਹੈ ਅਤੇ ਹੁਣ ਤੱਕ ਉਨ੍ਹਾਂ ਦਾ ਲਗਭਗ 2 ਤੋਂ 2.5 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਵਪਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਵਧਾਉਣ ਅਤੇ ਚੋਰਾਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਸਿਟੀ-1 ਦੇ ਐੱਸਐੱਚਓ ਇੰਸਪੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਚੋਰਾਂ ਨੂੰ ਫੜਨ ਲਈ ਗੁਪਤਚਰ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।