ਮਹਿਲਕਲਾਂ ਬੱਸ ਸਟੈਂਡ ’ਚ 50 ਹਜ਼ਾਰ ਦੇ ਸਾਮਾਨ ਤੇ ਨਕਦੀ ਚੋਰੀ
ਮਹਿਲ ਕਲਾਂ ਬੱਸ ਸਟੈਂਡ ’ਚ ਚੋਰਾਂ ਨੇ 50 ਹਜ਼ਾਰ ਦੇ ਸਮਾਨ ਤੇ ਨਗਦੀ ’ਤੇ ਕੀਤਾ ਹੱਥ ਸਾਫ
Publish Date: Thu, 22 Jan 2026 05:49 PM (IST)
Updated Date: Fri, 23 Jan 2026 04:10 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਕਸਬਾ ਮਹਿਲਕਲਾਂ ’ਚ ਚੋਰਾਂ ਦੇ ਹੌਸਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਬੱਸ ਸਟੈਂਡ ਤੇ ਨੇੜਲੇ ਇਲਾਕਿਆਂ ’ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਖ-ਵੱਖ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿੱਥੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਚੁੱਕਾ ਹੈ, ਪਰ ਪੁਲਿਸ ਅਜੇ ਤੱਕ ਚੋਰਾਂ ਤਕ ਪਹੁੰਚਣ ’ਚ ਨਾਕਾਮ ਰਹੀ ਹੈ। ਇਸੇ ਲੜੀ ਤਹਿਤ ਅੱਜ ਸਵੇਰੇ 7 ਵਜੇ ਮਹਿਲਕਲਾਂ ਦੇ ਬੱਸ ਸਟੈਂਡ ਵਿਖੇ ਪਿਛਲੇ ਕਈ ਸਾਲਾਂ ਤੋਂ ਬੀਐੱਸ ਗਰੇਵਾਲ ਬੋਰਿੰਗ ਕੰਪਨੀ ਨਾਮ ਦੀ ਦੁਕਾਨ ਚਲਾਉਂਦੇ ਦੁਕਾਨਦਾਰ ਦਾ ਸ਼ਟਰ ਤੋੜ ਕੇ ਚੋਰਾਂ ਵੱਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੁਕਾਨ ਮਾਲਕ ਬਲਜਿੰਦਰ ਸਿੰਘ ਬਿੱਟੂ ਧਨੇਰ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਸੱਤ ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਦੁਕਾਨ ’ਚ ਚੋਰੀ ਹੋ ਗਈ ਹੈ। ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਵੇਖਿਆ ਕਿ ਚੋਰਾਂ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਲਗਭਗ 50 ਹਜ਼ਾਰ ਰੁਪਏ ਦਾ ਕੀਮਤੀ ਸਾਮਾਨ ਤੇ 2,000 ਰੁਪਏ ਨਕਦ ਚੋਰੀ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਰ ਦੁਕਾਨ ਵਿੱਚੋਂ 10 ਐੱਮਐੱਮ ਤਾਂਬੇ ਦੀ ਸਮਸੀ ਵੱਲ ਧਾਰ 250 ਫੁੱਟ, ਦੋ ਟੁੱਲੂ ਪੰਪ, 7/6 ਤਾਂਬੇ ਦੀ ਤਾਰ ਦਾ ਲਗਭਗ ਡੇਢ ਕੁਇੰਟਲ ਸਾਮਾਨ, 2,000 ਰੁਪਏ ਨਕਦੀ ਤੇ ਇਕ ਪੁਰਾਣਾ ਖ਼ਰਾਬ ਮੋਬਾਈਲ ਨਾਲ ਲੈ ਗਏ। ਦੁਕਾਨ ਮਾਲਕ ਅਨੁਸਾਰ ਚੋਰ ਇਕ ਚਿੱਟੇ ਰੰਗ ਦੀ ਕਾਰ ’ਚ ਆਏ ਸਨ। ਚਿੱਟੇ ਦਿਨ ਸਵੇਰੇ 7 ਵਜੇ ਵਾਪਰੀ, ਇਸ ਵਾਰਦਾਤ ਨਾਲ ਇਲਾਕੇ ਦੇ ਵਪਾਰੀਆਂ ’ਚ ਡਰ ਤੇ ਰੋਸ ਦਾ ਮਾਹੌਲ ਬਣਿਆ ਹੋਇਆ ਹੈ। ਦੁਕਾਨਦਾਰਾਂ ਨੇ ਕਿਹਾ ਕਿ ਲਗਾਤਾਰ ਚੋਰੀਆਂ ਹੋ ਰਹੀਆਂ ਹਨ, ਪਰ ਪੁਲਿਸ ਵੱਲੋਂ ਢੁੱਕਵੇਂ ਕਦਮ ਨਹੀਂ ਚੁੱਕੇ ਜਾ ਰਹੇ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਥਾਣਾ ਮਹਿਲਕਲਾਂ ਦੀ ਟੀਮ ਮੌਕੇ ’ਤੇ ਪੁੱਜੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਸਬੰਧੀ ਥਾਣਾ ਮਹਿਲਕਲਾਂ ਦੇ ਮੁੱਖ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਭਾਲ ਲਈ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।