ਦੋ ਇਲੈਕਟ੍ਰਿਕ ਵਰਕਸ਼ਾਪਾਂ ’ਚ ਸ਼ਟਰ ਤੋੜਕੇ ਸਾਮਾਨ ਚੋਰੀ
ਮੁੱਖ ਮਾਰਗ ਪਿੰਡ ਸਹਿਜੜਾ ਬੱਸ
Publish Date: Thu, 08 Jan 2026 04:07 PM (IST)
Updated Date: Fri, 09 Jan 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲਕਲਾਂ : ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਪਿੰਡ ਸਹਿਜੜਾ ਦੇ ਬੱਸ ਸਟੈਂਡ ਨੇੜੇ ਚੋਰ ਗਿਰੋਹ ਵੱਲੋਂ ਰਾਤ ਦੇ ਸਮੇਂ ਬੇਖੌਫ਼ ਹੋ ਕੇ ਦੋ ਇਲੈਕਟ੍ਰਿਕ ਵਰਕਸ਼ਾਪਾਂ ਦੇ ਸ਼ਟਰ ਤੇ ਇਕ ਦੁਕਾਨ ਦੇ ਪਿਛਲੇ ਪਾਸੇ ਪਾੜ ਲਗਾ ਕੇ ਇਕ ਹੋਰ ਦੁਕਾਨ ਦਾ ਸ਼ਟਰ ਤੋੜ ਕੇ ਸਮਰਸੀਬਲ ਮੋਟਰਾਂ, ਪੱਖੇ, ਟੂਲ ਸਮੇਤ ਲਗਭਗ ਡੇਢ ਲੱਖ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਪਹਿਲੀ ਦੁਕਾਨ ਦੇ ਮਾਲਕ ਸੁਰਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸਹਿਜੜਾ ਨੇ ਦੱਸਿਆ ਕਿ ਵੀਰਵਾਰ ਸਵੇਰੇ 4 ਤੋਂ 5 ਵਜੇ ਦੇ ਦਰਮਿਆਨ ਚੋਰਾਂ ਨੇ ਉਸ ਦੀ ਇਲੈਕਟਰਿਕ ਵਰਕਸ਼ਾਪ ਦੇ ਪਿਛਲੇ ਪਾਸੇ ਪਾੜ ਲਗਾ ਕੇ ਅੰਦਰ ਦਾਖਲ ਹੋ ਕੇ ਰਿਪੇਅਰ ਲਈ ਆਈਆਂ ਦੋ ਸਬਮਰਸੀਬਲ ਮੋਟਰਾਂ, 15 ਛਤ ਵਾਲੇ ਪੱਖੇ, ਬਿਜਲੀ ਦੀਆਂ ਤਾਰਾਂ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਉਹ ਸਵੇਰੇ ਦੁਕਾਨ ਖੋਲ੍ਹਣ ਲਈ ਪਹੁੰਚੇ। ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਤੇ ਪਿਛਲੇ ਪਾਸੇ ਵੱਡਾ ਪਾੜ ਲੱਗਿਆ ਹੋਇਆ ਸੀ, ਜਿਸ ਰਾਹੀਂ ਚੋਰ ਅੰਦਰ ਦਾਖਲ ਹੋਏ। ਇਸੇ ਤਰ੍ਹਾਂ ਨਾਲ ਲੱਗਦੀ ਦੂਜੀ ਇਲੈਕਟ੍ਰਿਕ ਵਰਕਸ਼ਾਪ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ, ਜਿੱਥੇ ਦੁਕਾਨ ਦਾ ਸ਼ਟਰ ਤੋੜ ਕੇ ਦੋ ਕੀਮਤੀ ਸਬਮਰਸੀਬਲ ਮੋਟਰਾਂ, ਟਾਇਰਾਂ ਦੇ ਰਿੰਬ, ਡਰਿਲ ਕਟਰ, 17 ਦੇ ਕਰੀਬ ਛਤ ਵਾਲੇ ਪੱਖੇ, ਵੱਖ-ਵੱਖ ਟੂਲ ਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਦੁਕਾਨਦਾਰਾਂ ਅਨੁਸਾਰ ਦੋਨਾਂ ਦੁਕਾਨਾਂ ਤੋਂ ਮਿਲਾ ਕੇ ਕਰੀਬ ਡੇਢ ਲੱਖ ਰੁਪਏ ਦੀ ਚੋਰੀ ਹੋ ਚੁੱਕੀ ਹੈ। ਚੋਰੀ ਦੀਆਂ ਘਟਨਾਵਾਂ ਸਬੰਧੀ ਥਾਣਾ ਮਹਿਲਕਲਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।