ਪਿੰਡ ਤਾਜੋਕੇ ਦੇ ਖੇਤਾਂ ’ਚੋਂ ਚੋਰਾਂ ਨੇ ਮੋਟਰਾਂ ਦੀਆਂ ਕੇਬਲ ਤਾਰਾਂ ਵੱਢੀਆਂ, ਕਿਸਾਨਾਂ 'ਚ ਰੋਸ
ਲਾਗਲੇ ਪਿੰਡ ਤਾਜੋਕੇ ਦੇ ਖੇਤਾਂ ’ਚੋਂ ਚੋਰਾਂ ਨੇ ਮੋਟਰਾਂ ਦੀਆਂਕੇਬਲ ਤਾਰਾਂ ਵੱਢੀਆਂ, ਕਿਸਾਨਾਂ 'ਚ ਰੋਸ
Publish Date: Fri, 27 Feb 2026 03:55 PM (IST)
Updated Date: Sat, 28 Feb 2026 03:58 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਨਜ਼ਦੀਕੀ ਪਿੰਡ ਤਾਜੋਕੇ ਵਿਖੇ ਸ਼ੇਰਾਂ ਵਾਲੇ ਰਾਹ ’ਤੇ ਸਥਿਤ ਖੇਤਾਂ ’ਚੋਂ ਨਾ-ਮਾਲੂਮ ਚੋਰਾਂ ਵੱਲੋਂ ਮੋਟਰਾਂ ਦੀਆਂ ਤਾਰਾਂ ਵੱਢਣ ਦੇ ਨਾਲ ਨਾਲ ਹੋਰ ਸਾਮਾਨ ਵੀ ਚੋਰੀ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਕਿਸਾਨ ਗੁਰਮੇਲ ਸਿੰਘ, ਕਾਲਾ ਸਿੰਘ, ਸੁਖਚੈਨ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਸੁਖਵਿੰਦਰ ਸਿੰਘ, ਕਰਨੈਲ ਸਿੰਘ ਪੁੱਤਰ ਗੁਰਮੇਲ ਸਿੰਘ ਅਤੇ ਕੁਲਵੰਤ ਸਿੰਘ ਪੁੱਤਰ ਬਿੱਕਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰ ਸ਼ੇਰਾਂ ਵਾਲੇ ਰਾਹ ’ਤੇ ਸਥਿਤ ਉਨ੍ਹਾਂ ਦੇ ਖੇਤਾਂ ਚ ਬਣੇ ਕਮਰਿਆਂ ਦੇ ਦਰਵਾਜ਼ਿਆਂ ਦੀ ਭੰਨਤੋੜ ਕਰ ਕੇ ਛੇ ਮੋਟਰਾਂ ਦੀਆਂ ਕੇਬਲਾਂ ਵੱਢਣ ਤੋਂ ਇਲਾਵਾ ਭਾਂਡੇ, ਸਟਾਟਰ, ਟੁੱਲੂ ਪੰਪ ਤੇ ਹੋਰ ਸਾਮਾਨ ਵੀ ਚੋਰੀ ਕਰਕੇ ਲੈ ਗਏ, ਜਿਸ ਕਾਰਨ ਉਨ੍ਹਾਂ ਦਾ ਹਜ਼ਾਰਾਂ ਰੁਪਈਆਂ ਦਾ ਨੁਕਸਾਨ ਹੋ ਗਿਆ। ਥਾਣਾ ਤਪਾ ਵਿਖੇ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਹੀ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਦਾ ਅਜਿਹੀਆਂ ਚੋਰੀ ਦੀਆਂ ਘਟਨਾਵਾਂ ਹੋਰ ਲੱਕ ਤੋੜਦੀਆਂ ਹਨ, ਕਿਉਂਕਿ ਚੋਰਾਂ ਵੱਲੋਂ ਚੋਰੀ ਕੀਤੇ ਗਏ ਸਾਮਾਨ ਜਿਸ ’ਤੇ ਮੁੜ ਕਿਸਾਨਾਂ ਨੂੰ ਆਪਣੇ ਪੱਲਿਓਂ ਹਜ਼ਾਰਾਂ ਰੁਪਏ ਲਗਾਉਣੇ ਪੈਂਦੇ ਹਨ। ਪੀੜਤ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਚੋਰਾਂ ਲੁਟੇਰਿਆਂ ਨੂੰ ਨੱਥ ਪਾਉਣ ਲਈ ਕੋਈ ਵਿਸ਼ੇਸ਼ ਮੁਹਿੰਮ ਜਾਂ ਵਿਉਂਤਬੰਦੀ ਕੀਤੀ ਜਾਵੇ ਤਾਂ ਕਿ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਚੋਰੀ ਦੀਆਂ ਘਟਨਾਵਾਂ ਦੀ ਮਾਰ ਨਾ ਝੱਲਣੀ ਪਵੇ। ਦੱਸਣਯੋਗ ਹੈ ਕਿ ਇੱਕ ਦੋ ਦਿਨ ਪਹਿਲਾਂ ਵੀ ਚੋਰ ਕਿਸਾਨਾਂ ਦੇ ਖੇਤਾਂ ’ਚੋਂ ਮੋਟਰਾਂ ਦੀਆਂ ਕੇਬਲਾਂ ਤੇ ਟ੍ਰਾਂਸਫਾਰਮਰ ਦੀ ਭੰਨਤੋੜ ਕਰਕੇ ਤੇਲ ਤੇ ਤਾਂਬਾ ਚੋਰੀ ਕਰਕੇ ਲੈ ਗਏ ਸਨ। ਇਸ ਮੌਕੇ ਕਿਸਾਨ ਕਾਕਾ ਸੇਖੋ ਤਪਾ,ਬਿੱਕਰ ਸਿੰਘ ਖਾਲਸਾ, ਅਮਰੀਕ ਸਿੰਘ, ਸੁਖਵਿੰਦਰ ਸਿੰਘ, ਗੁਰਤੇਜ ਸਿੰਘ, ਗੁਰਮੇਲ ਸਿੰਘ, ਰੂਪਾ ਮੈਂਬਰ,ਮੱਖਣ ਮੈਂਬਰ, ਸੰਦੀਪ ਸਿੰਘ, ਬੀਕੇਯੂ ਮਿੱਠੂ ਸਿੰਘ, ਚਮਕੌਰ ਸਿੰਘ ਆਦਿ ਵੱਡੀ ਗਿਣਤੀ ਚ ਕਿਸਾਨ ਮੌਜੂਦ ਸਨ।