ਦਲਿਤ ਮਜ਼ਦੂਰਾਂ ਦੇ ਸੰਘਰਸ਼ ਨੂੰ ਮਿਲੀ ਸਫਲਤਾ, ਧਰਨਾ ਅਸਥਾਈ ਤੌਰ ’ਤੇ ਮੁਲਤਵੀ
ਬੇਨੜਾ ਦੇ ਦਲਿਤ ਮਜ਼ਦੂਰਾਂ ਦੇ ਸੰਘਰਸ਼ ਨੂੰ ਵੱਡੀ ਸਫਲਤਾ
Publish Date: Wed, 08 Apr 2026 03:47 PM (IST)
Updated Date: Wed, 08 Apr 2026 03:50 PM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ
ਧੂਰੀ : ਪਿੰਡ ਬੇਨੜਾ ਦੇ ਦਲਿਤ ਮਜ਼ਦੂਰਾਂ ਵੱਲੋਂ ਆਪਣੇ ਸੰਵਿਧਾਨਕ ਹੱਕਾਂ ਲਈ ਚਲਾਏ ਜਾ ਰਹੇ ਸੰਘਰਸ਼ ਨੂੰ ਉਸ ਵੇਲੇ ਵੱਡਾ ਮੋੜ ਮਿਲਿਆ, ਜਦੋਂ ਪ੍ਰਸ਼ਾਸਨਿਕ ਅਧਿਕਾਰੀ ਸੰਘਰਸ਼ ਸਥਾਨ ’ਤੇ ਪਹੁੰਚੇ ਅਤੇ ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਮਨਜ਼ੂਰ ਕਰ ਲਈਆਂ। ਅਧਿਕਾਰੀਆਂ ਵੱਲੋਂ ਇਕ ਹਫ਼ਤੇ ਅੰਦਰ ਉਸਾਰੀ ਦੇ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਮਜ਼ਦੂਰਾਂ ਨੇ ਆਪਣਾ ਧਰਨਾ ਅਸਥਾਈ ਤੌਰ ’ਤੇ ਮੁਲਤਵੀ ਕਰ ਦਿੱਤਾ। ਇਸ ਮੌਕੇ ਏਡੀਸੀ (ਵਿਕਾਸ), ਬੀਡੀਪੀਓ ਧੂਰੀ ਅਤੇ ਓਐੱਸਡੀ ਧੂਰੀ ਦੇ ਪ੍ਰਤੀਨਿਧ ਵਜੋਂ ਮਾਰਕਿਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਸੰਘਰਸ਼ ਸਥਾਨ ’ਤੇ ਪਹੁੰਚੇ। ਉਨ੍ਹਾਂ ਨੇ ਮਜ਼ਦੂਰ ਆਗੂਆਂ ਨਾਲ ਵਿਸਥਾਰਪੂਰਵਕ ਗੱਲਬਾਤ ਕਰਦੇ ਹੋਏ ਮੰਗਾਂ ’ਤੇ ਸਹਿਮਤੀ ਜਤਾਈ। ਸਤਿਗੁਰ ਰਵਿਦਾਸ ਜੀ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਗੁਰਸੰਗਤ ਦੇ ਆਗੂ ਹਰਜਿੰਦਰ ਸਿੰਘ (ਸਾਬਕਾ ਸਰਪੰਚ) ਅਤੇ ਦਰਬਾਰ ਸਿੰਘ (ਸਾਬਕਾ ਬਲਾਕ ਸੰਮਤੀ ਮੈਂਬਰ) ਨੇ ਦੱਸਿਆ ਕਿ ਇਹ ਸੰਘਰਸ਼ 30 ਮਾਰਚ ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਅਨੁਸਾਰ ਕੁਝ ਪ੍ਰਭਾਵਸ਼ਾਲੀ ਜ਼ਮੀਨਦਾਰਾਂ ਵੱਲੋਂ ਸਰਪੰਚ ਦੀ ਮਿਲੀਭੁਗਤ ਨਾਲ ਗੁਰਦੁਆਰੇ ਦੀ ਆੜ ਹੇਠ ਦਲਿਤ ਮਜ਼ਦੂਰਾਂ ਦੀਆਂ ਲਗਭਗ 80 ਸਾਲ ਪੁਰਾਣੀਆਂ ਰੂੜੀਆਂ ’ਤੇ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਸੀ।
ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਮੁਲਾਕਾਤ ਤੋਂ ਬਾਅਦ 1 ਅਪ੍ਰੈਲ ਤੋਂ ਗੁਰਦੁਆਰਾ ਬੇਗਮਪੁਰਾ ਵਿਖੇ ਸ਼ਾਂਤਮਈ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ, ਜੋ ਬਾਅਦ ਵਿੱਚ ਕਬਜ਼ੇ ਵਾਲੀ ਸ਼ਾਮਲਾਤ ਜ਼ਮੀਨ ’ਤੇ ਟੈਂਟ ਲਗਾ ਕੇ ਜਾਰੀ ਰਹੀ। ਮਜ਼ਦੂਰ ਆਗੂ ਬਹਾਲ ਸਿੰਘ ਬੇਨੜਾ ਅਤੇ ਹਰਦੀਪ ਸਿੰਘ ਬੇਨੜਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਸ਼ਾਮਲਾਤ ਜ਼ਮੀਨ ਦੀ ਯੋਗ ਵੰਡ ਕਰ ਕੇ ਲੋਕ ਭਲਾਈ ਦੇ ਕੰਮ ਕਰਵਾਉਣਾ ਸ਼ਾਮਲ ਹੈ। ਉਨ੍ਹਾਂ ਨੇ ਦੋ ਬਿੱਘੇ ਵਿੱਚ ਪਾਰਕ, ਦੋ ਬਿੱਘੇ ਵਿੱਚ ਕਮਿਊਨਿਟੀ ਹਾਲ ਅਤੇ ਚਾਰ ਬਿੱਘੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਣਾਉਣ ਦੀ ਮੰਗ ਰੱਖੀ। ਇਸ ਮੌਕੇ ਲੈਕਚਰਾਰ ਰਾਮ ਸਿੰਘ, ਅਮਰਜੀਤ ਸਿੰਘ ਅਤੇ ਗਿੰਦਰ ਸਿੰਘ ਨੇ, ਰਾਜਵੰਤ ਸਿੰਘ ਘੁੱਲੀ, ਹਰਜਿੰਦਰ ਸਿੰਘ ਕਾਂਝਲਾ, ਬਲਾਕ ਸੰਮਤੀ ਪ੍ਰਧਾਨ ਰਣਜੋਧ ਸਿੰਘ, ਬਲਾਕ ਬੇਨੜਾ ਪ੍ਰਧਾਨ ਗੁਰਚਰਨ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ, ਜਗਤਾਰ ਸਿੰਘ ਤਾਰੀ, ਜਗਸੀਰ ਸਿੰਘ, ਮੇਵਾ ਪ੍ਰਧਾਨ, ਗੁਰਦੀਪ ਸਿੰਘ ਫੌਜੀ, ਮਿਸਤਰੀ ਰਾਮ ਸਿੰਘ ਹਾਜ਼ਰ ਸਨ।