- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਸ ਮਹੀਨਿਆਂ ਤੋਂ ਖਸਤਾਹਾਲ ਸੜਕ ਦੀ ਪੰਦਰਾਂ ਦਿਨਾਂ ’ਚ ਬਦਲੇਗੀ ਨੁਹਾਰ

- ਡੀਸੀ ਰਿਹਾਇਸ਼ ਦੇ ਸਾਹਮਣੇ ਵਾਲੀ ਸੜਕ ਦਾ ਕੰਮ 15 ਦਿਨਾਂ ’ਚ ਹੋਵੇਗਾ ਸ਼ੁਰੂ
ਜਸਵੀਰ ਸਿੰਘ, ਪੰਜਾਬੀ ਜਾਗਰਣ
ਸੰਗਰੂਰ : ਪਿਛਲੇ ਦਸ ਮਹੀਨਿਆਂ ਤੋਂ ਡੀਸੀ ਰਿਹਾਇਸ਼ ਦੇ ਸਾਹਮਣੇ ਲੰਘਣ ਵਾਲੀ ਖਸਤਾਹਾਲ ਸੜਕ ਦੀ ਮੁਰੰਮਤ ਦਾ ਕੰਮ ਅਗਲੇ 15 ਦਿਨਾਂ ਵਿੱਚ ਸ਼ੁਰੂ ਹੋ ਜਾਵੇਗਾ। ਇਸ ਸਬੰਧੀ ਟੈਂਡਰ 1 ਜਨਵਰੀ ਨੂੰ ਖੋਲ੍ਹੇ ਜਾ ਚੁੱਕੇ ਹਨ। ਅਲਾਟਮੈਂਟ ਦੀ ਪ੍ਰਕਿਰਿਆ ਮੁਕੰਮਲ ਹੋਣ ਵਾਲੀ ਹੈ। ਇਸ ਸੜਕ ਦੇ ਬਣਨ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਆਵੇਗਾ, ਕਿਉਂਕਿ ਇਸ ਸੜਕ ਨੂੰ ਸੀਵਰੇਜ ਦੀ ਪਾਈਪ ਲਾਈਨ ਵਿਛਾਉਣ ਲਈ ਪੁੱਟਿਆ ਗਿਆ ਸੀ। ਹਾਲਾਂਕਿ, ਪਾਈਪਾਂ ਪਾਉਣ ਦਾ ਕੰਮ ਕੁਝ ਹੀ ਸਮੇਂ ਵਿੱਚ ਸਿਰੇ ਚੜ ਗਿਆ ਸੀ, ਪ੍ਰੰਤੂ ਇਸ ਮਗਰੋਂ ਸੜਕ ਨੂੰ ਉਸੇ ਹਾਲਤ ਵਿੱਚ ਛੱਡ ਦਿੱਤਾ ਗਿਆ, ਜਿਸ ਕਾਰਨ ਸੜਕ ਦਾ ਇੱਕ ਪਾਸਾ ਬੰਦ ਹੋਣ ਨਾਲ ਇੱਥੇ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਹੋ ਗਈ।
ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਇਸ ਸੜਕ ਦਾ 640 ਮੀਟਰ ਦਾ ਟੋਟਾ ਜਲ ਸਪਲਾਈ ਅਤੇ ਸੀਵਰੇਜ ਡਵੀਜ਼ਨ, ਸੰਗਰੂਰ ਵੱਲੋਂ ਜਰੂਰੀ ਪਾਈਪਾਂ ਪਾਉਣ ਲਈ ਤੋੜਿਆ ਗਿਆ ਸੀ, ਜਿਸ ਨੂੰ ਹੁਣ ਢੁੱਕਵੀਂ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਮੁੜ ਤੋਂ ਬਣਾਇਆ ਜਾ ਰਿਹਾ ਹੈ। ਸੜਕ ਬਣਾਉਣ ਲਈ ਜਲ ਸਪਲਾਈ ਅਤੇ ਸੀਵਰੇਜ ਡਵੀਜ਼ਨ, ਸੰਗਰੂਰ ਵੱਲੋਂ ਲੋੜੀਂਦੀ 1 ਕਰੋੜ 6 ਲੱਖ 74 ਹਜ਼ਾਰ 673 ਰੁਪਏ ਦੀ ਰਾਸ਼ੀ ਜਮ੍ਹਾਂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਦੇ ਧਿਆਨ ਵਿੱਚ ਇੱਕ ਫੋਟੋ ਆਈ ਹੈ, ਜੋ ਕਿ ਏਆਈ (ਮਸ਼ਨੂਈ ਬੁੱਧੀ) ਨਾਲ ਤਿਆਰ ਕੀਤੀ ਗਈ ਹੈ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਪਰ ਘੁੰਮ (ਸਰਕੂਲੇਟ) ਰਹੀ ਹੈ। ਇਸ ਫੋਟੋ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਬਹੁਤ ਗੰਭੀਰਤਾ ਨਾਲ ਲਿਆ ਹੈ। ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੂੰ ਸ਼ਿਕਾਇਤ ਭੇਜ ਕੇ ਦੋਸ਼ੀ ਵਿਅਕਤੀ ਜਾਂ ਧਿਰ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤਸਵੀਰ ਵਿੱਚ ਦਿਖਾਏ ਗਏ ਇਕ ਬੋਰਡ ਉੱਪਰ ਲਿਖਿਆ ਹੈ " ਇਹ ਸੜਕ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਹੀਂ ਬਣਵਾਈ। " ਇਥੇ ਇਹ ਵੀ ਜਿਕਰਯੋਗ ਹੈ ਕਿ ਜਿਸ ਜਗ੍ਹਾ ਇਹ ਬੋਰਡ ਲੱਗਿਆ ਹੋਇਆ ਦਿਖਾਇਆ ਗਿਆ ਹੈ ਉਥੇ ਅਸਲ ਵਿੱਚ ਅਜਿਹਾ ਕੋਈ ਬੋਰਡ ਲੱਗਾ ਹੀ ਨਹੀਂ ਹੋਇਆ ਹੈ।
ਡੀਸੀ ਰਾਹੁਲ ਚਾਬਾ ਨੇ ਇਸ ਸ਼ਰਾਰਤ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਪਹਿਲੀ ਨਜ਼ਰੇ ਇਹ ਫੋਟੋ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਅਕਸ ਜਾਣ ਬੁੱਝ ਕੇ ਖ਼ਰਾਬ ਕਰਨ ਲਈ ਤਿਆਰ ਅਤੇ ਸਰਕੂਲੇਟ ਕੀਤੀ ਜਾ ਰਹੀ ਜਾਪਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਬਿਨਾ ਤਸਦੀਕ ਸੋਸ਼ਲ ਮੀਡੀਆ ਪੋਸਟਾਂ ਪਾਉਣ ਅਤੇ ਸ਼ੇਅਰ ਕਰਨ ਵਾਲਿਆਂ ਉੱਤੇ ਸਖ਼ਤ ਕਰਵਾਈ ਕੀਤੀ ਜਾਵੇਗੀ। ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਵੀ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਅਜਿਹੀਆਂ ਮਨਘੜਤ ਫੋਟੋਆਂ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਪਾਉਣ ਅਤੇ ਸ਼ੇਅਰ ਕਰਨ ਤੋਂ ਵਰਜਿਆ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਸਾਈਬਰ ਸੈੱਲ, ਸੰਗਰੂਰ ਦੀ ਤਿੱਖੀ ਨਜ਼ਰ ਹੈ।