ਪਸਵਕ ਕਮੇਟੀ ਮੈਂਬਰਾਂ ਤੇ ਵਿਦਿਆਰਥੀਆਂ ਨੇ ਸਕੂਲ ਦਾ ਗੇਟ ਬੰਦ ਕਰ ਕੇ ਕੀਤਾ ਰੋਸ ਪ੍ਰਗਟ
ਪਸਵਕ ਕਮੇਟੀ ਮੈਂਬਰਾਂ ਤੇ ਵਿਦਿਆਰਥੀਆਂ ਨੇ ਸਕੂਲ ਦਾ ਗੇਟ ਬੰਦ ਕਰਕੇ ਕੀਤਾ ਰੋਸ ਪ੍ਰਗਟ
Publish Date: Tue, 03 Feb 2026 06:04 PM (IST)
Updated Date: Wed, 04 Feb 2026 04:05 AM (IST)
ਅੰਗਰੇਜ਼ੀ ਲੈਕਚਰਾਰ ਦੀ ਡੈਪੂਟੇਸ਼ਨ ਰੱਦ ਕਰਵਾਉਣ ਨੂੰ ਲੈ
ਮਾਮਲਾ- ਅੰਗਰੇਜ਼ੀ ਲੈਕਚਰਾਰ ਦਾ ਡੈਪੂਟੇਸ਼ਨ ਰੱਦ ਕਰਵਾਉਣ ਦਾ
ਬੱਚਿਆਂ ਦਾ ਭਵਿੱਖ ਪਿਆ ਖਤਰੇ ’ਚ : ਮਾਪੇ
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਦੀ ਪਸਵਕ ਕਮੇਟੀ, ਬੱਚਿਆਂ ਤੇ ਮਾਪਿਆਂ ਨੇ ਅੰਗਰੇਜ਼ੀ ਲੈਕਚਰਾਰ ਦੀ ਡੈਪੂਟੇਸ਼ਨ ਰੱਦ ਕਰਵਾਉਣ ਨੂੰ ਲੈ ਕੇ ਸਕੂਲ ਦਾ ਗੇਟ ਬੰਦ ਕਰ ਕੇ ਆਪਣਾ ਰੋਸ ਪ੍ਰਗਟ ਕੀਤਾ। ਰੋਸ ਪ੍ਰਗਟ ਕਰਦਿਆਂ ਪਸਵਕ ਕਮੇਟੀ ਦੇ ਮੈਂਬਰਾਂ ਤੇ ਮਾਪਿਆਂ ਰਾਜ ਸਿੰਘ, ਬਲਵੰਤ ਸਿੰਘ ਸਰੋਏ, ਜੱਸੀ ਚੱਠਾ, ਦਵਿੰਦਰ ਕੁਮਾਰ ਟੀਟੂ ਦੀਕਸ਼ਿਤ, ਰੇਸ਼ਮ ਸਿੰਘ ਸਿੱਧੂ, ਸੀਰਾ ਸਿੰਘ ਸਿੱਧੂ, ਗੁਰਮੀਤ ਸਿੰਘ ਨੀਟੂ, ਨੀਟਾ ਸਿੰਘ, ਰੋਹਿਤ ਮਾਰਡੋਨਾ ਆਦਿ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸ਼ਕੂਲ ’ਚ ਕੁਲ 912 ਵਿਦਿਆਰਥੀ ਹਨ, 11ਵੀਂ ਅਤੇ 12ਵੀਂ ਦੇ ਕੁੱਲ 424 ਵਿਦਿਆਰਥੀ ਪੜ੍ਹਦੇ ਹਨ, ਜਦਕਿ ਸਕੂਲ ’ਚ ਇਕ ਹੀ ਅੰਗਰੇਜ਼ੀ ਲੈਕਚਰਾਰ ਹਨ, ਜਿਨ੍ਹਾਂ ਨੇ ਵੀ ਰਾਜਨੀਤਿਕ ਜ਼ੋਰ ’ਤੇ ਆਪਣੀ ਡੈਪੂਟੇਸ਼ਨ ਬਠਿੰਡਾ ਵਿਖੇ ਕਰਵਾ ਲਈ ਹੈ, ਜਦ ਕਿ ਉਹ ਡਿਊਟੀ ਬਠਿੰਡਾ ਨਿਭਾਉਣਗੇ ਤੇ ਉਹ ਤਨਖਾਹ ਤਪਾ ਸਕੂਲ ਤੋਂ ਹੀ ਲੈਣਗੇ। ਉਨ੍ਹਾਂ ਦੀ ਹੋਈ ਇਸ ਡੈਪੂਟੇਸ਼ਨ ਕਾਰਨ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ’ਚ ਪੈ ਗਿਆ ਹੈ, ਜਿਸ ਨਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ’ਚ ਪਹਿਲਾਂ ਹੀ 14 ਪੋਸਟਾਂ ਖਾਲੀ ਪਈਆਂ ਹਨ, ਜਿਨ੍ਹਾਂ ’ਚ 1 ਪੋਸਟ ਪ੍ਰਿੰਸੀਪਲ, ਲੈਕਚਰਾਰ ਦੀਆਂ 4, ਮਾਸਟਰ ਕੇਡਰ ਦੀਆਂ 4 ਪੋਸਟਾਂ ਤੋਂ ਇਲਾਵਾ ਐੱਸਐੱਲਏ ਦੀਆਂ 2, ਲਾਈਬ੍ਰੇਰੀਅਨ ਦੀ 1, ਚਪੜਾਸੀ ਦੀ 1 ਅਤੇ ਚੌਂਕੀਦਾਰ ਦੀ ਇਕ ਪੋਸਟ ਖਾਲੀ ਹੈ। ਜਿਨ੍ਹਾਂ ਕਾਰਨ ਸਕੂਲੀ ਬੱਚਿਆਂ ਤੇ ਮਾਪਿਆਂ ’ਚ ਰੋਸ ਪਾਇਆ ਜਾ ਰਿਹਾ ਹੈ, ਜਿਸ ਸਬੰਧੀ ਉਹ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਵਿਭਾਗ ਦੇ ਨੁਮਾਇੰਦਿਆਂ ਨੂੰ ਜਾਣੂ ਕਰਵਾ ਚੁੱਕੇ ਹਨ। ਇਸ ਮੌਕੇ ਕਮੇਟੀ ਮੈਂਬਰਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਜਲਦ ਹੀ ਸਕੂਲ ਵਿਚ ਅੰਗਰੇਜ਼ੀ ਲੈਕਚਰਾਰ ਦੀ ਡੈਪੂਟੇਸ਼ਨ ਰੱਦ ਨਾ ਹੋਈ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਜਦ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤ ਇੰਦਰ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਕੋਈ ਵੀ ਡੈਪੂਟੇਸ਼ਨ ਨਹੀਂ ਕੀਤੀ ਗਈ। ਇਹ ਸਿੱਖਿਆ ਵਿਭਾਗ ਵੱਲੋਂ ਕੀਤੀ ਹੋਈ ਹੈ। ਅਗਰ ਕੀਤੀ ਹੋਈ ਹੈ ਤਾਂ ਸਕੂਲ ਦੇ ਪ੍ਰਿੰਸੀਪਲ ਲਿਖ ਕੇ ਭੇਜ ਦੇਣ ਤਾਂ ਮੈਂ ਉਸਦੇ ਲੈਟਰ ਮੁਤਾਬਕ ਅੱਗੇ ਲਿਖ ਕੇ ਭੇਜ ਦੇਵਾਂਗਾ ਤੇ ਡੈਪੂਟੇਸ਼ਨ ਰੱਦ ਕਰਵਾ ਦੇਵਾਂਗਾ।