ਪੰਚਾਇਤ ਨੇ ਚਾਈਨਾ ਡੋਰ ਵਰਤਣ, ਵੇਚਣ ਤੇ ਪਤੰਗ ਚੜ੍ਹਾਉਣ ’ਤੇ ਲਾਈ ਪਾਬੰਦੀ
ਪਿੰਡ ਫੁੰਮਣਵਾਲ ਦੀ ਪੰਚਾਇਤ ਨੇ ਕੀਤਾ ਨਿਵੇਕਲਾ ਉਪਰਾਲਾ
Publish Date: Wed, 28 Jan 2026 06:49 PM (IST)
Updated Date: Wed, 28 Jan 2026 06:52 PM (IST)
- ਖੁਸ਼ੀ ਦੇ ਮੌਕਿਆਂ ’ਤੇ ਮਹੰਤਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਸਬੰਧੀ ਕੀਤਾ ਮਤਾ ਪਾਸ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਪਿੰਡ ਫੁੰਮਣਵਾਲ ਦੀ ਪੰਚਾਇਤ ਅਤੇ ਸਮੂਹ ਨਗਰ ਵਾਸੀਆਂ ਦੀ ਹੋਈ ਮੀਟਿੰਗ ਦੌਰਾਨ ਕਈ ਅਹਿਮ ਮਤੇ ਪਾਸ ਕੀਤੇ ਗਏ। ਪਿੰਡ ਫੁੰਮਣਵਾਲ ਦੇ ਸਰਪੰਚ ਸੁਖਚੈਨ ਸਿੰਘ ਨੇ ਦੱਸਿਆ ਕਿ ਪੰਚਾਇਤ ਅਤੇ ਨਗਰ ਵਾਸੀਆਂ ਵੱਲੋਂ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਚਾਈਨਾ ਡੋਰ ਨਾਲ ਵਾਪਰ ਰਹੀਆਂ ਘਟਨਾਵਾਂ ਕਾਰਨ ਮਨੁੱਖੀ ਜਾਨਾਂ ਅਤੇ ਬੇਜ਼ੁਬਾਨ ਜਾਨਵਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪਿੰਡ ਅੰਦਰ ਪਤੰਗ ਚੜਾਉਣ, ਵੇਚਣ ਅਤੇ ਚਾਈਨਾ ਡੋਰ ਦੀ ਵਰਤੋਂ ’ਤੇ ਪੂਰਨ ਪਾਬੰਦੀ ਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਖੁਸ਼ੀ ਦੇ ਮੌਕਿਆਂ ’ਤੇ ਮਹੰਤਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਸਬੰਧੀ ਵੀ ਮਤਾ ਪਾਸ ਕੀਤਾ ਗਿਆ ਹੈ। ਇਸ ਮਤੇ ਅਨੁਸਾਰ ਜਨਰਲ ਵਰਗ ਦੇ ਲੋਕ ਵਿਆਹ ਜਾਂ ਪੁੱਤਰ ਜਨਮ ਦੀ ਖੁਸ਼ੀ ਮੌਕੇ ਮਹੰਤਾਂ ਨੂੰ 2100 ਰੁਪਏ ਦੀ ਰਾਸ਼ੀ, ਜਦਕਿ ਐੱਸਸੀ ਭਾਈਚਾਰੇ ਦੇ ਲੋਕ 1100 ਰੁਪਏ ਦੀ ਰਾਸ਼ੀ ਦੇਣਗੇ।
ਉਨ੍ਹਾਂ ਕਿਹਾ ਕਿ ਪੰਚਾਇਤ ਅਤੇ ਨਗਰ ਵਾਸੀਆਂ ਵੱਲੋਂ ਪਾਸ ਕੀਤੇ ਗਏ ਮਤਿਆਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪੰਚਾਇਤ ਵੱਲੋਂ ਨਿਰਧਾਰਤ 5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਵਸੂਲਿਆ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਪੰਚਾਇਤ ਦੇ ਇਸ ਫੈਸਲੇ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਪਿੰਡ ਵਾਸੀਆਂ ਕਿਹਾ ਕਿ ਚਾਈਨਾ ਡੋਰ ਕਾਰਨ ਹਰ ਸਾਲ ਕਿੰਨੇ ਲੋਕ ਜ਼ਖ਼ਮੀ ਹੋ ਜਾਂਦੇ ਹਨ ਜਾਂ ਆਪਣੀ ਜਾਨ ਗਵਾ ਬੈਠਦੇ ਹਨ ਤੇ ਬੇਜ਼ੁਬਾਨ ਜਾਨਵਰਾਂ ਦੀ ਮੌਤ ਵੀ ਹੋ ਜਾਂਦੀ ਹੈ, ਅਜਿਹੇ ਵਿਚ ਪੰਚਾਇਤ ਦਾ ਇਹ ਫੈਸਲਾ ਕਾਬਲੇ-ਤਾਰੀਫ਼ ਹੈ। ਉੱਥੇ ਹੀ ਪਿੰਡ ਵਿਚ ਦੀ ਖੁਸ਼ੀ ਦੇ ਮੌਕਿਆਂ ’ਤੇ ਦਿੱਤੀ ਜਾਣ ਵਾਲੀ ਰਾਸ਼ੀ ਨੂੰ ਲੈ ਕੇ ਪਿੰਡ ਵਿਚ ਅਕਸਰ ਵਾਦ-ਵਿਵਾਦ ਹੁੰਦੇ ਸਨ ਹੁਣ ਪੰਚਾਇਤ ਵੱਲੋਂ ਨਿਯਮ ਤੈਅ ਕਰਨ ਨਾਲ ਸਾਰੇ ਪਿੰਡ ਵਿਚ ਏਕਤਾ ਬਣੀ ਰਹੇਗੀ। ਪਿੰਡ ਦੇ ਨੌਜਵਾਨਾਂ ਨੇ ਵੀ ਕਿਹਾ ਕਿ ਇਹ ਮਤੇ ਹੋਰ ਪਿੰਡਾਂ ਲਈ ਵੀ ਮਿਸਾਲ ਬਣਨਗੇ ਅਤੇ ਸਮਾਜਿਕ ਬੁਰਾਈਆਂ ’ਤੇ ਰੋਕ ਲਗਾਉਣ ਵਿਚ ਮਦਦਗਾਰ ਸਾਬਤ ਹੋਣਗੇ। ਇਸ ਮੌਕੇ ਜਗਪਾਲ ਸਿੰਘ, ਗੁਰਤੇਜ ਸਿੰਘ, ਪਰਗਟ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।