ਵਿਦਿਆਰਥੀਆਂ ਦੁਆਰਾ ਲਿਖੀਆਂ ਪੁਸਤਕਾਂ ਦਾ ਉਦਘਾਟਨ ਸਮਾਰੋਹ
ਵਿਦਿਆਰਥੀਆਂ ਦੁਆਰਾ ਲਿਖੀਆਂ ਪੁਸਤਕਾਂ ਦਾ ਉਦਘਾਟਨ ਸਮਾਰੋਹ ਸਾਹਿਤਕ ਜਸ਼ਨ ਦੇ ਰੂਪ ’ਚ ਮਨਾਇਆ
Publish Date: Tue, 20 Jan 2026 05:41 PM (IST)
Updated Date: Wed, 21 Jan 2026 04:09 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਵਾਈਐੱਸ ਸਕੂਲ, ਬਰਨਾਲਾ ਨੇ ਇਕ ਵਾਰ ਫਿਰ ਆਪਣੇ ਵਿਦਿਆਰਥੀਆਂ ਦੀਆਂ ਰਚਨਾਤਮਕ ਪ੍ਰਾਪਤੀਆਂ ਨੂੰ ਦਰਸਾਉਂਦੇ ਹੋਏ ਵਿਸ਼ਾਲ ਪੁਸਤਕ ਉਦਘਾਟਨ ਸਮਾਰੋਹ ਕਰਵਾਕੇ ਇਕ ਅਦਭੁਤ ਮਿਸਾਲ ਕਾਇਮ ਕੀਤੀ ਹੈ। ਇਸ ਸਮਾਰੋਹ ਨੇ ਸਾਹਿਤ, ਬਹੁਭਾਸ਼ੀ ਸਿੱਖਿਆ ਅਤੇ ਰਚਨਾਤਮਕ ਪ੍ਰਗਟਾਵੇ ਨੂੰ ਸਮੁੱਚੀ ਸਿੱਖਿਆ ਦੇ ਅਹਿਮ ਭਾਗ ਵਜੋਂ ਉਤਸ਼ਾਹਤ ਕਰਨ ਲਈ ਸੰਸਥਾ ਦੇ ਲਗਾਤਾਰ ਯਤਨਾਂ ਨੂੰ ਉਜਾਗਰ ਕੀਤਾ। ਸਮਾਰੋਹ ਦੌਰਾਨ, ਵਿਦਿਆਰਥੀ ਕਵੀਆਂ ਦੁਆਰਾ ਲਿਖੀਆਂ 13 ਨਵੀਆਂ ਸਵੈਰਚਿਤ ਪੁਸਤਕਾਂ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ ਗਿਆ, ਜੋ ਸਕੂਲ ਲਈ ਇੱਕ ਹੋਰ ਮਹੱਤਵਪੂਰਣ ਮੀਲ ਪੱਥਰ ਦੇ ਰੂਪ ’ਚ ਸਾਬਿਤ ਹੋਇਆ ਹੈ। ਇਸ ਪ੍ਰਾਪਤੀ ਨਾਲ, ਸਕੂਲ ਦੇ ਵਿਦਿਆਰਥੀਆਂ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਦੀ ਕੁੱਲ ਗਿਣਤੀ ਹੁਣ 25 ਹੋ ਗਈ ਹੈ, ਨਾਲ ਹੀ 110 ਈ-ਪੁਸਤਕਾਂ ਦਾ ਪ੍ਰਕਾਸ਼ਨ ਵੀ ਹੋਇਆ ਹੈ, ਜੋ ਕਿ ਸਕੂਲ ਦੇ ਪਰੰਪਰਾਗਤ ਲੇਖਣ ਨੂੰ ਡਿਜ਼ੀਟਲ ਸਿੱਖਣ ਦੇ ਪਲੇਟਫਾਰਮਾਂ ਨਾਲ ਜੋੜਨ ਦੇ ਸਫਰ ਨੂੰ ਦਰਸਾਉਂਦਾ ਹੈ। ਛੋਟੇ -ਛੋਟੇ ਵਿਦਿਆਰਥੀ ਲੇਖਕਾਂ ਨੇ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿੱਚ ਪੁਸਤਕਾਂ ਲਿਖੀਆਂ ਹਨ, ਜੋ ਕਿ ਛੋਟੀ ਉਮਰ ’ਚ ਭਾਸ਼ਾਈ ਬਹੁਗੁਣਤਾ ਅਤੇ ਗਹਿਰਾਈ ਦੀਆਂ ਉਦਾਹਰਨਾਂ ਹਨ। ਵਿਦਿਆਰਥੀ ਲੇਖਕਾਂ ’ਚ ਇਬਾਦਤ, ਨੱਵਿਆ, ਇਲਮਜੋਤ, ਸਾਨਵੀ, ਮਹਜਬੀਨ, ਭਾਵਿਕਾ, ਦਿਲਪ੍ਰੀਤ, ਲਾਇਸ਼ਾ, ਅਮਰਨਿੰਦਰ, ਨਿਤੀਸ਼, ਅਕਸ਼ਿਤ, ਗੁਰਸਮਰਪ੍ਰੀਤ ਅਤੇ ਕਨਿਸ਼ਕਾ ਸ਼ਾਮਲ ਹਨ। ਉਨ੍ਹਾਂ ਦੀਆਂ ਰਚਨਾਵਾਂ ’ਚ ਕਲਪਨਾ, ਭਾਵਨਾਵਾਂ, ਪ੍ਰਕ੍ਰਿਤੀ, ਨੈਤਿਕਮੁੱਲਾਂ ਅਤੇ ਸਮਾਜਿਕ ਜਾਗਰੂਕਤਾ ਦੀ ਝਲਕ ਹੈ ਜੋ ਨਿੱਕੀ ਉਮਰੇ ਵੱਡੀਆਂ ਪ੍ਰਾਪਤੀਆਂ ਦੀ ਮਿਸਾਲ ਹੈ। ਇਸ ਮੌਕੇ ਨੂੰ ਹੋਰ ਵਿਸ਼ੇਸ਼ ਬਣਾਉਣ ਲਈ ਬਰਨਾਲਾ ਦੇ ਪ੍ਰਸਿੱਧ ਲੇਖਕ ਰਾਮ ਸਰੂਪ ਸ਼ਰਮਾ ਤੇ ਚੇਤਨ ਸ਼ਰਮਾ ਵੀ ਸ਼ਾਮਿਲ ਹੋਏ, ਜਿਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਆਪਣੀ ਸਾਹਿਤਿਕ ਯਾਤਰਾ ਦੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਦੀ ਮੌਜੂਦਗੀ ਸਕੂਲ ਦੇ ਵਿਦਿਆਰਥੀ ਲੇਖਕਾਂ ਲਈ ਪ੍ਰੇਰਣਾ ਦਾ ਸਰੋਤ ਬਣੀ। ਸਮਾਰੋਹ ’ਚ ਜੀ. ਜੀ.ਐਸ. ਕਾਲਜ ਦੇ ਭਾਸ਼ਾ ਵਿਭਾਗ ਦੇ ਮੁਖੀਆਂ- ਮਿੱਠੂ ਪਾਠਕ ਅਤੇ ਕੋਮਲ ਦੇਵੀ ਦੀ ਮੌਜੂਦਗੀ ਨੇ ਸਭਾ ਦਾ ਮਾਣ ਵਧਾਇਆ,ਜਿਨ੍ਹਾਂ ਨੇ ਭਾਸ਼ਾ ਸਿੱਖਿਆ ਨੂੰ ਮਜ਼ਬੂਤ ਕਰਨ ਵਿੱਚ ਸਕੂਲ ਦੇ ਲਗਾਤਾਰ ਯਤਨਾਂ ਦੀ ਸਰਾਹਨਾ ਕੀਤੀ।