ਮੌੜ ਨਾਭਾ ਛੱਪੜ ਦੀ ਜਗ੍ਹਾ ’ਤੇ ਕਬਜ਼ੇ ਦਾ ਮਾਮਲਾ ਗਰਮਾਇਆ
ਮੌੜ ਨਾਭਾ ਛੱਪੜ ਦੀ ਜਗ੍ਹਾ ਤੇ ਨਜਾਇਜ਼ ਕਬਜ਼ੇ ਦਾ ਮਾਮਲਾ ਗਰਮਾਇਆ
Publish Date: Thu, 12 Feb 2026 07:39 PM (IST)
Updated Date: Fri, 13 Feb 2026 04:12 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਸਰਕਾਰੀ ਤੇ ਪੰਚਾਇਤੀ ਜਗ੍ਹਾ ’ਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਬਲਾਕ ਸਹਿਣਾ ਦੇ ਪਿੰਡ ਮੋੜ ਨਾਭਾ ਦੇ ਰਹਿਣ ਵਾਲੇ ਕਰਮਜੀਤ ਸਿੰਘ ਉਰਫ਼ ਰੂਪੀ ਪੁੱਤਰ ਰਾਮ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਨੇ ਜ਼ਿਲ੍ਹਾ ਬਰਨਾਲਾ ਪ੍ਰਸ਼ਾਸਨ ਨੂੰ ਪਿੰਡ ਮੋੜ ਨਾਭਾ ਦੀ ਪੰਚਾਇਤੀ ਜਮੀਨ ਤੇ ਬਣੇ ਛੱਪੜ ਦੇ ਚਾਰ ਏਕੜ ਜਮੀਨ ਤੇ ਕੀਤੇ ਗਏ ਨਜਾਇਜ਼ ਕਬਜ਼ੇ ਹਟਾਉਣ ਤੇ ਲਈ ਕਾਰਵਾਈ ਦੀ ਮੰਗ ਕੀਤੀ ਹੈ। ਦੋਵੇਂ ਸ਼ਿਕਾਇਤ ਕਰਤਾਵਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਮੋੜ ਨਾਭਾ ਦੇ ਛੱਪੜ ਤੇ 4 ਏਕੜ ਦੇ ਕਰੀਬ ਪੰਚਾਇਤੀ ਜਮੀਨ ਉੱਪਰ ਇੱਕ ਵਿਅਕਤੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ । ਜਿਸ ਨੇ 20 ਫੁੱਟ ਡੂੰਘੇ ਛੱਪੜ ਉੱਪਰ ਨਜਾਇਜ਼ ਤੌਰ ਤੇ ਮਿੱਟੀ ਪਾ ਕੇ ਜਿੱਥੇ ਕਬਜ਼ਾ ਕੀਤਾ ਗਿਆ ਹੈ,ਉੱਥੇ ਉਸ ਜਗ੍ਹਾ ਉੱਪਰ ਵੱਖੋ ਵੱਖਰੇ ਕਮਰੇ ਅਤੇ ਇੱਕ ਸਵੀਵਿੰਗ ਪੂਲ ਵੀ ਬਣਾਇਆ ਗਿਆ ਹੈ। ਜਿੱਥੇ ਪਸ਼ੂ ਅਤੇ ਪੰਛੀ ਵੀ ਰੱਖੇ ਗਏ ਹਨ । ਬਿਜਲੀ ਮੀਟਰ ਵੀ ਉਸ ਵਿਅਕਤੀ ਨੇ ਆਪਣੇ ਨਾਮ ਲਗਵਾਇਆ ਹੋਇਆ ਹੈ। ਬਰਸਾਤਾਂ ਤੇ ਪਿੰਡ ਦੇ ਘਰਾਂ ਦਾ ਪਾਣੀ ਛੱਪੜ ਵਿੱਚ ਜਾਣ ਦੀ ਬਜਾਏ ਗਲੀਆਂ ਅਤੇ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਗਲੀਆਂ ਵਿੱਚ ਗੰਦਾ ਪਾਣੀ ਖੜਾ ਰਹਿੰਦਾ ਹੈ। ਜਿਸ ਨਾਲ ਭਿਆਨਕ ਬਿਮਾਰੀਆਂ ਵੱਧ ਰਹੀਆਂ ਹਨ। ਸ਼ਿਕਾਇਤ ਕਰਤਾਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕਰਦੇ ਕਿਹਾ ਕਿ ਜਲਦ ਪਿੰਡ ਦੇ ਛੱਪੜ ਤੇ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਹਟਾ ਕੇ ਪਿੰਡ ਨੂੰ ਰਾਹਤ ਦਿੱਤੀ ਜਾਵੇ। ਇਹ ਸਾਰੀ ਛੱਪੜ ਦੀ ਜਮੀਨ ਪਿੰਡ ਪੰਚਾਇਤ ਦੀ ਹੈ । ਜਿਸ ਦਾ ਸਾਰਾ ਪ੍ਰਬੰਧ ਪਿੰਡ ਦੀ ਪੰਚਾਇਤ ਨੂੰ ਸੌਂਪਿਆ ਜਾਵੇ ਅਤੇ ਬਿਜਲੀ ਮੀਟਰ ਵੀ ਪਿੰਡ ਦੀ ਪੰਚਾਇਤ ਦੇ ਨਾਮ ਕੀਤਾ ਜਾਵੇ। ਸ਼ਿਕਾਇਤ ਦੇ ਆਧਾਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀਡੀਪੀਓ ਬਰਨਾਲਾ ਮੌਕੇ ’ਤੇ ਪਹੁੰਚੇ ਜਿਨ੍ਹਾਂ ਨੇ ਪਿੰਡ ਮੋੜ ਨਾਭਾ ਦੀ ਪੰਚਾਇਤ ਨੂੰ ਨਾਲ ਲੈਕੇ ਛੱਪੜ ਤੇ ਨਾਜਾਇਜ਼ ਕਬਜ਼ੇ ਵਾਲੀ ਥਾਂ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਜਾਂ ਪੰਚਾਇਤੀ ਜਮੀਨ ਉੱਪਰ ਨਜਾਇਜ਼ ਤੌਰ ਤੇ ਕਬਜ਼ਾ ਨਹੀਂ ਛੱਡਦਾ ਤਾਂ ਉਸ ਖ਼ਿਲਾਫ਼ ਪੰਚਾਇਤੀ ਰਾਜ ਐਕਟ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪਿੰਡ ਦੇ ਡੀਡੀਪੀਓ ਸੁਵਿੰਦਰ ਸਿੰਘ, ਬੀਡੀਪੀਓ ਜਗਰਾਜ ਸਿੰਘ ਸਹਿਣਾ,ਸਰਪੰਚ ਮਲਕੀਤ ਸਿੰਘ, ਸੈਕਟਰੀ ਹਰੀਸ਼ ਕੁਮਾਰ, ਸੰਮਤੀ ਪਟਵਾਰੀ ਅੰਮ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ ਦਿਓਲ,ਬਲਾਕ ਸੰਮਤੀ ਮੈਂਬਰ ਮਨਜੀਤ ਕੌਰ,ਸਾਬਕਾ ਸਰਪੰਚ ਸੁਰਜੀਤ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।