ਬਜਟ 2026 ਕਈਆਂ ਲਈ ਚੰਗਾ ਤੇ ਕਈਆਂ ਲਈ ਮਾੜਾ
ਕੇਂਦਰ ਸਰਕਾਰ ਵਲੋਂ ਪੇਸ ਕੀਤੇ ਬਜਟ ਤੋਂ ਮਿਲਿਆ ਰਲਿਆ ਮਿਲਆ ਹੁੰਗਾਰਾ
Publish Date: Sun, 01 Feb 2026 06:32 PM (IST)
Updated Date: Mon, 02 Feb 2026 04:11 AM (IST)

ਕੇਂਦਰ ਸਰਕਾਰ ਵੱਲੋਂ ਪੇਸ ਕੀਤੇ ਬਜਟ ਤੋਂ ਮਿਲਿਆ ਰਲਿਆ ਮਿਲਆ ਹੁੰਗਾਰਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਐਤਵਾਰ ਨੂੰ ਸੰਸਦ ’ਚ ਦੇਸ਼ ਦਾ ਆਮ ਬਜਟ 2026 ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਸੰਤ ਰਵੀਦਾਸ ਜੀ ਨੂੰ ਯਾਦ ਕਰਦਿਆਂ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਭਾਰਤ ਨੂੰ ਦੁਨੀਆ ਦੀ ਨੰਬਰ 1 ਆਰਥਿਕਤਾ ਬਣਾਉਣਾ ਹੈ। ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਲੈ ਕੇ ਜਿੱਥੇ ਕਈ ਵਰਗਾਂ ’ਚ ਖੁਸ਼ੀ ਪਾਈ ਜਾ ਰਹੀ ਹੈ, ਉੱਥੇ ਹੀ ਕਈਆਂ ਵੱਲੋਂ ਇਸ ਦਾ ਵਿਰੋਧ ਕਰਦਿਆਂ ਇਸ ਬਜਟ ਨੂੰ ਖੋਖਲਾ ਬਜਟ ਦੱਸਿਆ ਜਾ ਰਿਹਾ ਹੈ। ਪੇਸ਼ ਹਨ ਵੱਖ-ਵੱਖ ਵਰਗਾਂ ਨਾਲ ਸਬੰਧਤ ਸ਼ਖਸੀਅਤਾਂ ਦੇ ਵਿਚਾਰ। ਕੈਂਸਰ ਤੇ ਸ਼ੂਗਰ ਦੀਆਂ ਦਵਾਈਆਂ ਹੋਣਗੀਆਂ ਸਸਤੀਆਂ : ਡਾ. ਪ੍ਰਦੀਪ ਕੁਮਾਰ ਡਾ. ਪ੍ਰਦੀਪ ਕੁਮਾਰ ਐੱਮਐੱਸ ਪ੍ਰਦੀਪ ਮਲਟੀ ਸੁਪਰ ਸਪੈਸ਼ਲਿਸਟ ਹਸਪਤਾਲ ਬਰਨਾਲਾ ਨੇ ਕਿਹਾ ਕਿ ਸਰਕਾਰ ਨੇ ਸਿਹਤ ਖੇਤਰ ਲਈ ‘ਬਾਇਓਫਾਰਮਾ ਸ਼ਕਤੀ’ ਮੁਹਿੰਮ ਦਾ ਐਲਾਨ ਕੀਤਾ ਹੈ। ਇਸ ਤਹਿਤ ਅਗਲੇ 5 ਸਾਲਾਂ ’ਚ 10,000 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸ ਨਾਲ ਕੈਂਸਰ, ਸ਼ੂਗਰ (ਡਾਇਬੀਟੀਜ਼) ਤੇ ਆਟੋ-ਇਮਿਊਨ ਬੀਮਾਰੀਆਂ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ। ਭਾਰਤ ਨੂੰ ਗਲੋਬਲ ਬਾਇਓਫਾਰਮਾ ਹੱਬ ਬਣਾਉਣ ’ਤੇ ਪੂਰਾ ਜ਼ੋਰ ਦਿੱਤਾ ਗਿਆ ਹੈ। ਸਰਕਾਰ ਦਾ ਇਹ ਚੰਗਾ ਉਪਰਾਲਾ ਹੈ। ਬਜਟ ’ਚ ਪੁਰਾਣੇ ਰੇਲਵੇ ਰੂਟਾਂ ਨੂੰ ਅੱਪਗ੍ਰੇਡ ਕਰਨਾ ਚੰਗਾ ਉਪਰਾਲਾ : ਦਰਸ਼ਨ ਨੈਣੇਵਾਲ ਭਾਜਪਾ ਕਿਸਾਨ ਸੈੱਲ ਦਾ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ’ਚ ਦੇਸ਼ ’ਚ ਰੇਲ ਸਫ਼ਰ ਨੂੰ ਤੇਜ਼ ਕਰਨ ਲਈ 7 ਨਵੇਂ ਹਾਈ-ਸਪੀਡ ਰੇਲ ਕਾਰੀਡੋਰ ਬਣਾਏ ਜਾਣ ਦਾ ਐਲਾਨ ਕੀਤਾ ਹੈ। ਅਹਿਮਦਾਬਾਦ-ਮੁੰਬਈ ਤੋਂ ਇਲਾਵਾ ਮੁੰਬਈ-ਪੁਣੇ ਤੇ ਹੋਰ ਵੱਡੇ ਸ਼ਹਿਰਾਂ ਨੂੰ ਜੋੜਨ ਲਈ ਹਾਈ-ਸਪੀਡ ਰੂਟ ਤਿਆਰ ਕੀਤੇ ਜਾਣਗੇ। ਪੁਰਾਣੇ ਰੂਟਾਂ ਨੂੰ ਵੀ ਅੱਪਗ੍ਰੇਡ ਕੀਤਾ ਜਾਵੇਗਾ ਤਾਂ ਜੋ ਵੰਦੇ ਭਾਰਤ ਵਰਗੀਆਂ ਟ੍ਰੇਨਾਂ ਦੀ ਰਫ਼ਤਾਰ ਵਧਾਈ ਜਾ ਸਕੇ। ਸਰਕਾਰ ਦਾ ਇਹ ਬਜਟ ਰੇਲਵੇ ਸੁਵਿਧਾਵਾ ਲਈ ਚੰਗਾ ਹੈ। : ਟੈਕਸਟਾਈਲ ਸੈਕਟਰ ਲਈ ਖ਼ਜ਼ਾਨਾ ਖੋਲ੍ਹਿਆ: ਵਿਕਾਸ ਗੋਇਲ ਵਿਕਾਸ ਕੰਬਾਇਨ ਦੇ ਐੱਮਡੀ ਵਿਕਾਸ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ’ਚ ਟੈਕਸਟਾਈਲ ਖੇਤਰ ਲਈ ਕਈ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ’ਚ ਨੈਸ਼ਨਲ ਫਾਈਬਰ ਸਕੀਮ, ਟੈਕਸਟਾਈਲ ਐਕਸਪੈਂਸ਼ਨ, ਤੇ ‘ਸਮਰਥ 2.0’ ਸ਼ਾਮਲ ਹਨ। ਖਾਦੀ, ਹੈਂਡਲੂਮ ਤੇ ਹੈਂਡਕ੍ਰਾਫਟ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਪੇਂਡੂ ਨੌਜਵਾਨਾਂ ਤੇ ‘ਵਨ ਡਿਸਟ੍ਰਿਕਟ ਵਨ ਪ੍ਰੋਡਕਟ’ (ਓਡੀਓਪੀ) ਨੂੰ ਮਜ਼ਬੂਤੀ ਮਿਲੇ। ਇਸ ਨਾਲ ਦੇਸ਼ ਦੀ ਆਰਥਿਕਤਾ ਮਜਬੂਤ ਹੋਵੇਗੀ। : ਐੱਸਐੱਸਐੱਮਈ ਸੈਕਟਰ ਲਈ ਵੱਡਾ ਐਲਾਨ : ਚੇਅਰਮੈਨ ਦਰਸ਼ਨ ਸਿੰਘ ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌੜ ਦੇ ਚੇਅਰਮੈਨ ਦਰਸ਼ਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ’ਚ 10 ਹਜ਼ਾਰ ਕਰੋੜ ਰੁਪਏ ਦੇ ਐੱਮਐੱਸਐੱਮਈ ਗ੍ਰੋਥ ਫੰਡ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, 5 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ’ਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੱਤਾ ਜਾਵੇਗਾ। ਇਸ ਨਾਲ ਛੋਟੇ ਕਾਰੋਬਾਰੀਆਂ ਨੂੰ ਕਾਫ਼ੀ ਜ਼ਿਆਦਾ ਫ਼ਾਇਦਾ ਹੋਵੇਗਾ। ਟੈਕਸਦਾਤਾ ਤੇ ਕਾਰੋਬਾਰ ਬਜਟ ਤੋਂ ਜੀਐੱਸਟੀ ਸਰਲੀਕਰਨ ਤੇ ਟੈਕਸਦਾਤਾ-ਅਨੁਕੂਲ ਸੁਧਾਰ ਹੋਵੇਗਾ। ਦਵਾਈਆਂ ਹੋਣਗੀਆਂ ਸਸਤੀਆਂ : ਗੁਰਜਿੰਦਰ ਸਿੰਘ ਸਿੱਧੂ ਸੀਨੀਅਰ ਭਾਜਪਾ ਆਗੂ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਬਜਟ ’ਚ ਸਰਕਾਰ ਵਲੋਂ ਨੇ ਜੈਨਰਿਕ ਦਵਾਈਆਂ ਤੇ ਜੀਵਨ-ਰੱਖਿਅਕ ਦਵਾਈਆਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਡਿਊਟੀਆਂ ਘਟਾ ਦਿੱਤੀਆਂ ਹਨ, ਜਿਸ ਨਾਲ ਕੈਂਸਰ ਤੇ ਹੋਰ ਗੰਭੀਰ ਬਿਮਾਰੀਆਂ ਲਈ ਦਵਾਈਆਂ ਆਮ ਲੋਕਾਂ ਲਈ ਸਸਤੀਆਂ ਹੋਣਗੀਆਂ। ਉਨ੍ਹਾ ਕਿਹਾ ਕਿ ਦਵਾਈਆਂ ਸਸਤੀਆਂ ਹੋਣ ਕਾਰਨ ਲੋੜਵੰਦਾਂ ਲੋਕਾਂ ਨੂੰ ਕਾਫ਼ੀ ਜਿਆਦਾ ਫ਼ਾਇਦਾ ਹੋਵੇਗਾ। ਪੈਟਰੋਲ ਤੇ ਡੀਜ਼ਲ ਦੇ ਭਾਅ ’ਤੇ ਨਹੀਂ ਹੋਈ ਕਟੌਤੀ : ਪੰਮਾ ਤਾਜੋਕੇ ਸਮਾਜ ਸੇਵੀ ਪਰਮਜੀਤ ਸਿੰਘ ਪੰਮਾ ਤਾਜੋਕੇ ਨੇ ਕਿਹਾ ਕਿ ਲੋਕਾਂ ਨੂੰ ਆਸ ਸੀ ਕਿ ਇਸ ਵਾਰ ਕੇਂਦਰ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੇ ਭਾਅ ’ਚ ਕਟੌਤੀ ਕੀਤੀ ਜਾਵੇਗੀ ਜਿਸ ਨਾਲ ਆਮ ਲੋਕਾਂ, ਕਿਸਾਨਾਂ, ਵਪਾਰੀਆਂ, ਛੋਟੇ ਕਾਰੋਬਾਰੀਆਂ ਨੂੰ ਕਾਫ਼ੀ ਜਿਆਦਾ ਫ਼ਾਇਦਾ ਹੋਣਾ ਸੀ। ਪਰ ਸਰਕਾਰ ਵਲੋਂ ਪੈਟਰੋਲ ਤੇ ਡੀਜਲ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਛੋਟੇ ਨਾ ਦੇਣ ਕਰਕੇ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਇਸ ਬਜਟ ਤੋਂ ਖੁਸ ਨਹੀ ਹਨ। : ਆਮ ਲੋਕਾਂ ਨੂੰ ਮਹਿੰਗਾਈ ਤੋਂ ਨਹੀਂ ਮਿਲੀ ਰਾਹਤ : ਰਵਿੰਦਰਜੀਤ ਬਿੰਦੀ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੇਸ ਕੀਤੇ ਗਏ ਬਜਟ ’ਚ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਘਰੇਲੂ ਸਮਾਨ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਕਟੌਤੀ ਨਹੀਂ ਕੀਤੀ ਗਈ ਹੈ। ਆਮ ਲੋਕਾਂ ਵਲੋਂ ਰੋਜ ਮਰ੍ਹਾ ਜਿੰਦਗੀ ’ਚ ਵਰਤੀਆਂ ਜਾਣ ਵਾਲੀਆਂ ਵਸਤਾਂ ’ਚ ਕੋਈ ਛੋਟ ਨਹੀਂ ਦਿੱਤੀ ਗਈ ਹੈ। ਇਹ ਕੇਂਦਰ ਸਰਕਾਰ ਦਾ ਬਜਟ ਆਮ ਲੋਕਾਂ ਲਈ ਖੋਖਲਾ ਬਜਟ ਹੈ। ਸਰਕਾਰ ਵਲੋਂ ਇਸ ਬਜਟ ’ਚ ਪ੍ਰਾਈਵੇਟ ਸਕੂਲਾਂ ਨੂੰ ਵੀ ਕੋਈ ਰਾਹਤ ਨਹੀਂ ਦਿੱਤੀ ਹੈ। ਨਹੀਂ ਮਿਲੀ ਸਸਤੇ ਕਰਜੇ ਦੀ ਸਹੂਲਤ : ਦੀਪਕ ਸੋਨੀ ਕਾਲੋਨਾਈਜਰ ਦੀਪਕ ਸੋਨੀ ਨੇ ਕਿਹਾ ਕਿ ਇਸ ਬਜਟ ’ਚ ਆਸ ਸੀ ਕਿ ਲੋਕਾਂ ਨੂੰ ਸਸਤੇ ਕਰਜ਼ੇ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਛੋਟੇ ਕਾਰੋਬਾਰੀ ਉਦਯੋਗ ਲਈ ਨਵੀਂ ਮਸ਼ੀਨਰੀ ਲਗਾ ਸਕਣ ਤੇ ਆਪਣੇ ਕਾਰੋਬਾਰ ਦਾ ਵਿਸਥਾਰ ਕਰ ਸਕਣ। ਪਰ ਕੇਂਦਰ ਸਰਕਾਰ ਦੇ ਬਜਟ ’ਚ ਇਸ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ ਤੇ ਇਹ ਬਜਟ ਤੋਂ ਵਪਾਰੀ ਵਰਗ ਪੂਰੀ ਤਰ੍ਹਾਂ ਨਾਲ ਨਾ ਖੁ਼ਸ਼ ਹੈ ਤੇ ਉਹ ਇਸ ਬਜਟ ਦਾ ਵਿਰੋਧ ਕਰਦੇ ਹਨ।