ਓਵਰਫ਼ਲੋ ਸੀਵਰੇਜ ਨੇ ਤਹਿਸੀਲ ’ਚ ਫੈਲਾਈ ਗੰਦਗੀ
ਤਹਿਸੀਲ ਕੰਪਲੈਕਸ ਅੰਦਰ ਸਵੱਛਤਾ ਮੁਹਿੰਮ ਦੀ ਨਿੱਕਲੀ ਫੂਕ
Publish Date: Thu, 16 Apr 2026 04:33 PM (IST)
Updated Date: Fri, 17 Apr 2026 04:03 AM (IST)

ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਭਾਵੇਂ ਸਮੇਂ ਸਮੇਂ ’ਤੇ ਸਵੱਛਤਾ ਅਭਿਆਨ ਤਹਿਤ ਪ੍ਰੋਗਰਾਮ ਕਰਵਾਏ ਜਾਂਦੇ ਤੇ ਲੋਕਾਂ ਨੂੰ ਸਫਾਈ ਰੱਖਣ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ, ਪਰ ਇਹ ਸਭ ਫੋਕੀ ਬਿਆਨਬਾਜ਼ੀ ਸਾਬਤ ਹੋ ਰਿਹਾ ਹੈ। ਜਿਸ ਦਾ ਅੰਦਾਜਾ ਤਹਿਸੀਲ ਕੰਪਲੈਕਸ ਅੰਦਰ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦੀ ਸਫ਼ਾਈ ਨਾ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਚਾਰੇ ਪੈਸੇ ਫੈਲ ਚੁੱਕਿਆ ਹੈ। ਜੋ ਲੋਕਾਂ ਦੀ ਲਈ ਮੁਸੀਬਤ ਬਣ ਚੁੱਕਿਆ ਹੈ। ਇਸ ਮੌਕੇ ਤਹਿਸੀਲ ਕੰਪਲੈਕਸ ਅੰਦਰ ਆਪਣਾ ਕੰਮਕਾਜ ਕਰਵਾਉਣ ਲਈ ਪੁੱਜੇ ਲੋਕਾਂ ਹਰਮੇਲ ਸਿੰਘ, ਨਛੱਤਰ ਸਿੰਘ, ਸੋਨੀ ਸਿੰਘ, ਜਸਵਿੰਦਰ ਸਿੰਘ, ਕਿਰਪਾਲ ਸਿੰਘ ਆਦਿ ਨੇ ਕਿਹਾ ਕਿ ਤਹਿਸੀਲ ਅੰਦਰ ਸਾਫ਼ ਸਫ਼ਾਈ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ। ਲੋਕਾਂ ਲਈ ਤਹਿਸੀਲ ਕੰਪਲੈਕਸ ਦੀ ਬਿਲਡਿੰਗ ਦੇ ਹੇਠਾਂ ਬਣਾਏ ਗਏ ਜਨਕਤ ਪਖਾਨਿਆਂ ਦੀ ਹਾਲਤ ਵੀ ਬਹੁਤ ਜ਼ਿਆਦਾ ਮਾੜੀ ਹੈ। ਇੱਕ ਦੋ ਮਹੀਨਿਆਂ ਬਾਅਦ ਹੀ ਸੀਵਰੇਜ ਓਵਰਫ਼ਲੋ ਹੋ ਜਾਂਦਾ ਹੈ। ਜਿਸ ਦਾ ਗੰਦਾ ਪਾਣੀ ਪੂਰੀ ਤਹਿਸੀਲ ਅੰਦਰ ਫੈਲ ਜਾਂਦਾ ਹੈ। ਜਿਸ ’ਚੋਂ ਬਦਬੂ ਆਉਂਦੀ ਹੈ, ਪਰ ਸਮੇਂ ਸਿਰ ਇਸ ਸਮੱਸਿਆ ਦਾ ਕਦੇ ਵੀ ਪੱਕਾ ਹੱਲ ਨਹੀਂ ਕਰਵਾਇਆ ਗਿਆ ਹੈ। ਜਿਸ ਦਾ ਖਮਿਆਜਾ ਆਮ ਲੋਕਾਂ ਤੇ ਬਾਹਰ ਬੈਠੇ ਦੁਕਾਨਦਾਰਾਂ ਨੂੰ ਭੁਗਤਨਾ ਪੈਂਦਾ ਹੈ। ਇਸ ਗੰਦੇ ਪਾਣੀ ’ਤੇ ਮੱਖੀਆਂ ਤੇ ਮੱਛਰਾਂ ਦੀ ਭਰਮਾਰ ਰਹਿੰਦੀ ਹੈ ਤੇ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ।