ਥਾਣਾ ਧਨੌਲਾ ਦੇ ਐੱਸਐੱਚਓ ਨੂੰ ਮੁਅੱਤਲ ਕਰਨ ਦੀ ਕਾਰਵਾਈ ਮਨਜ਼ੂਰ ਨਹੀਂ
ਥਾਣਾ ਧਨੌਲਾ ਦੇ ਐਸਐਓ ਨੂੰ ਮੁਅੱਤਲ ਕਰਨ ਦੀ ਕਾਰਵਾਈ ਮਨਜ਼ੂਰ ਨਹੀਂ, ਐਫ਼ਆਈਆਰ ਦਰਜ ਹੋਣ ਤੱਕ ਸੰਘਰਸ਼ ਕਰਾਂਗੇ-ਵਿਧਾਇਕ ਢਿੱਲੋਂ
Publish Date: Tue, 24 Mar 2026 06:16 PM (IST)
Updated Date: Wed, 25 Mar 2026 04:05 AM (IST)

ਐਫ਼ਆਈਆਰ ਦਰਜ ਹੋਣ ਤੱਕ ਸੰਘਰਸ਼ ਕਰਾਂਗੇ : ਵਿਧਾਇਕ ਢਿੱਲੋਂ ਸੱਤਾਧਾਰੀਆਂ ਤੇ ਥਾਣਿਆਂ ਨੂੰ ਦੁਕਾਨਾਂ ਬਣਾਉਣ ਦੇ ਵੀ ਲਗਾਏ ਗੰਭੀਰ ਦੋਸ਼ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਰਾਜਗੜ੍ਹ ਵਿਚ ਪਿਛਲੇ ਦਿਨੀਂ ਵਾਪਰੇ ਇਕ ਘਟਨਾਕ੍ਰਮ ’ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਥਾਣਾ ਧਨੌਲਾ ਦੇ ਐੱਸਐੱਚਓ ਨੂੰ ਬਚਾਉਣ ਦੇ ਯਤਨਾਂ ਦੀ ਸਖ਼ਤ ਨਿਖੇਧੀ ਕਰਦੇ ਹੋਏ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਐੱਸਐੱਚਓ ਵੱਲੋਂ ਇੱਕ ਪਰਿਵਾਰ ਦੀਆਂ ਔਰਤਾਂ ਨਾਲ ਕੀਤੀ ਬਦਸਲੂਕੀ ਤੇ ਮਾੜੇ ਵਿਵਹਾਰ ਦੀ ਪੂਰੀ ਕਾਰਵਾਈ ਸੀਸੀਟੀਵੀ ਕੈਮਰਿਆਂ ’ਚ ਕੈਦ ਹੋਈ ਹੈ, ਪਰ ਇਸ ਦੇ ਬਾਵਜੂਦ ਵੀ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਐੱਸਐੱਚਓ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰਨ ਦੀ ਕਾਰਵਾਈ ਕੀਤੀ ਗਈ ਹੈ ਜਦ ਕਿ ਇਸ ਮਾਮਲੇ ਚ ਐੱਸਐੱਚਓ ’ਤੇ ਐੱਫ਼ਆਈਆਰ ਦਰਜ ਹੋਣੀ ਚਾਹੀਦੀ ਹੈ। ਸਥਾਨਕ ਰੈਸਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਪਿੰਡ ਰਾਜਗੜ੍ਹ ’ਚ ਇਕ ਗਲੀ ਬਣਾਉਣ ਦੇ ਝਗੜੇ ਸਬੰਧੀ ਮੌਕੇ ’ਤੇ ਸਿਵਲ ਵਰਦੀ ’ਚ ਪੁੱਜੇ ਥਾਣਾ ਧਨੌਲਾ ਦੇ ਐੱਸਐੱਚਓ ਲਖਬੀਰ ਸਿੰਘ ਨੇ ਆਤਮ ਹੱਤਿਆ ਦੀ ਯਤਨ ਕਰਨ ਵਾਲੇ ਨੌਜਵਾਨ ਮਨਜਿੰਦਰ ਸਿੰਘ ਦੀਆਂ ਪਰਿਵਾਰਕ ਔਰਤਾਂ ਨੂੰ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਜਿਸ ਤੋਂ ਖ਼ਫ਼ਾ ਹੋ ਕੇ ਮਨਜਿੰਦਰ ਸਿੰਘ ਨੇ ਸਪਰੇ ਪੀਤੀ ਜੋ ਅਜੇ ਤੱਕ ਵੀ ਜ਼ੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸਿਰਫ ਪਿੰਡ ਦੀ ਇਕ ਪੰਚਾਇਤ ਮੈਂਬਰ ’ਤੇ ਐੱਫਆਈਆਰ ਦਰਜ ਕਰ ਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਗੱਲ ਕੀਤੀ ਹੈ ਜਦੋਂ ਕਿ ਮਨਜਿੰਦਰ ਸਿੰਘ ਨੇ ਮੌਕੇ ’ਤੇ ਪੁੱਜੇ ਐੱਸਐੱਚਓ ਲਖਬੀਰ ਸਿੰਘ ਦੇ ਵਿਵਹਾਰ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖ਼ਤਮ ਕਰਨ ਸਬੰਧੀ ਖ਼ਤਰਨਾਕ ਕਦਮ ਚੁੱਕਿਆ ਪ੍ਰੰਤੂ ਪਰਿਵਾਰਕ ਮੈਂਬਰਾਂ ਵੱਲੋਂ ਮੌਕੇ ’ਤੇ ਉਸ ਨੂੰ ਦਾਖਲ ਕਰਵਾਏ ਜਾਣ ਕਰਕੇ ਉਸ ਦੀ ਜਾਨ ਬਚ ਗਈ। ਵਿਧਾਇਕ ਢਿੱਲੋਂ ਨੇ ਪੰਜਾਬ ਦੇ ਮਹਿਲਾ ਕਮਿਸ਼ਨ ਅਤੇ ਐੱਸਸੀ ਕਮਿਸ਼ਨ ਦੀ ਕਾਰਜਕੁਸ਼ਲਤਾ ’ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਹੁਣ ਮਹਿਲਾ ਕਮਿਸ਼ਨ ਨੂੰ ਰਾਜਗੜ੍ਹ ਦੀਆਂ ਔਰਤਾਂ ਦੇ ਹੰਝੂ ਕਿਉਂ ਨਹੀਂ ਦਿਸ ਰਹੇ। ਉਨ੍ਹਾਂ ਕਿਹਾ ਕਿ ਸੂਬਾ ਮਹਿਲਾ ਕਮਿਸ਼ਨ ਤੇ ਐੱਸਸੀ ਕਮਿਸ਼ਨ ਸੱਤਾਧਾਰੀਆਂ ਦੀ ਕਠਪੁਤਲੀ ਬਣੇ ਹੋਏ ਹਨ, ਜਿਹੜੇ ਸੱਤਾ ਦੇ ਇਸ਼ਾਰੇ ’ਤੇ ਹੀ ਕੰਮ ਕਰ ਰਹੇ ਹਨ। ਵਿਧਾਇਕ ਢਿੱਲੋ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਦੇ ਵਿੱਚ ਸਬੰਧਿਤ ਐਸਐਚਓ ਦੇ ਖ਼ਿਲਾਫ਼ ਪੁਲਿਸ ਨੇ ਐਫ ਆਈ ਆਰ ਦਰਜ ਨਾ ਕੀਤੀ ਤਾਂ ਕਾਂਗਰਸ ਪਾਰਟੀ ਸੜਕਾਂ ਤੇ ਉਤਰੇਗੀ ਅਤੇ ਸਖ਼ਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।