ਭਾਰਤ ਮਾਲਾ ਐਕਸਪ੍ਰੈੱਸਵੇਅ ਵਿਰੁੱਧ ਘੱਟ ਮੁਆਵਜ਼ਾ ਦਿੱਤੇ ਜਾਣ ਦੇ ਰੋਸ ਵਜੋਂ ਸੰਘਰਸ਼ ਜਾਰੀ
ਭਾਰਤ ਮਾਲਾ ਐਕਸਪ੍ਰੈੱਸਵੇਅ ਵਿਰੁੱਧ ਘੱਟ ਮੁਆਵਜਾ ਦਿੱਤੇ ਜਾਣ ਦੇ ਰੋਸ ਵਜੋਂ ਸੰਘਰਸ਼ ਤੀਜੇ ਦਿਨ ਵੀ ਜਾਰੀ
Publish Date: Thu, 26 Mar 2026 04:09 PM (IST)
Updated Date: Fri, 27 Mar 2026 04:00 AM (IST)

ਮੁਆਵਜ਼ੇ ’ਚ ਭੇਦਭਾਵ ਖ਼ਿਲਾਫ਼ ਕਿਸਾਨਾਂ ਦਾ ਐਲਾਨ— ਮੰਗਾਂ ਪੂਰੀਆਂ ਹੋਣ ਤੱਕ ਕੰਮ ਨਹੀਂ ਹੋਣ ਦੇਵਾਂਗੇ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਭਾਰਤ ਮਾਲਾ ਯੋਜਨਾ ਹੇਠ ਬਣ ਰਹੇ ਜੈਪੁਰ–ਕੱਟੜਾ ਐਕਸਪ੍ਰੈੱਸਵੇਅ ਦੇ ਵਿਰੋਧ ’ਚ ਬਰਨਾਲਾ ਇਲਾਕੇ ਦੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਤੀਜੇ ਦਿਨ ਵੀ ਜਾਰੀ ਰਿਹਾ। ਪਿੰਡ ਗਾਗੇਵਾਲ ਨੂੰ ਕੇਂਦਰ ਬਣਾਕੇ ਕਰੀਬ ਇੱਕ ਦਰਜਨ ਪਿੰਡਾਂ ਦੇ ਕਿਸਾਨਾਂ ਨੇ ਸੜਕ ਨਿਰਮਾਣ ਦਾ ਕੰਮ ਰੁਕਵਾ ਕੇ ਧਰਨਾ ਜਾਰੀ ਰੱਖਿਆ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨਾਂ ਦੇ ਮੁਆਵਜ਼ੇ ’ਚ ਜ਼ਿਲ੍ਹਿਆਂ ਅਨੁਸਾਰ ਵੱਡਾ ਫਰਕ ਰੱਖਿਆ ਗਿਆ ਹੈ, ਜਿਸ ਨਾਲ ਬਰਨਾਲਾ ਦੇ ਕਿਸਾਨਾਂ ਨਾਲ ਨਿਆਂ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਇਥੇ ਦਿੱਤਾ ਜਾ ਰਿਹਾ ਮੁਆਵਜ਼ਾ ਨੇੜਲੇ ਜ਼ਿਲ੍ਹਿਆਂ ਦੇ ਮੁਕਾਬਲੇ ਕਾਫ਼ੀ ਘੱਟ ਹੈ, ਜਿਸ ਕਾਰਨ ਕਿਸਾਨਾਂ ’ਚ ਭਾਰੀ ਰੋਸ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਸਾਰਿਆਂ ਨੂੰ ਇੱਕਸਾਰ ਅਤੇ ਮਾਰਕੀਟ ਦਰ ਅਨੁਸਾਰ ਮੁਆਵਜ਼ਾ ਦਿੱਤਾ ਜਾਵੇ। ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਐਕਸਪ੍ਰੈੱਸਵੇਅ ਕਾਰਨ ਖੇਤਾਂ ਦੇ ਟੁਕੜੇ ਹੋਣਗੇ, ਸਿੰਚਾਈ ਪ੍ਰਬੰਧ ਪ੍ਰਭਾਵਿਤ ਹੋਣਗੇ ਅਤੇ ਖੇਤੀਬਾੜੀ ਦਾ ਭਵਿੱਖ ਸੰਕਟ ’ਚ ਪੈ ਜਾਵੇਗਾ। ਕਈ ਕਿਸਾਨਾਂ ਦੀ ਜ਼ਮੀਨ ਵਿਚਕਾਰੋਂ ਕੱਟੀ ਜਾਣ ਕਾਰਨ ਬਕਾਇਆ ਮੁਆਵਜ਼ਾ ਅਤੇ ਹੋਰ ਸਹੂਲਤਾਂ ਅਜੇ ਤੱਕ ਨਹੀਂ ਮਿਲੀਆਂ। ਇਸ ਦੇ ਬਾਵਜੂਦ ਜ਼ਬਰਦਸਤੀ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਕਿਸਾਨਾਂ ਵੱਲੋਂ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਗਾਗੇਵਾਲ, ਗਹਿਲ, ਮੂੰਮ, ਰਾਮਗੜ੍ਹ ਬਧਾਤੇ ਅਤੇ ਆਲੇ–ਦੁਆਲੇ ਦੇ ਪਿੰਡਾਂ ’ਚ ਧਰਨੇ ਜਾਰੀ ਹਨ ਅਤੇ ਕਿਸਾਨਾਂ ਨੇ ਸਪੱਸ਼ਟ ਕੀਤਾ ਹੈ ਕਿ ਜਦ ਤੱਕ ਸਾਰੀਆਂ ਮੰਗਾਂ ਲਿਖਤੀ ਰੂਪ ’ਚ ਮਨਜ਼ੂਰ ਨਹੀਂ ਹੁੰਦੀਆਂ, ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ’ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦਾ ਭਰੋਸਾ ਦਿੱਤਾ, ਪਰ ਕਿਸਾਨਾਂ ਨੇ ਕਿਹਾ ਕਿ ਉਹ ਸਿਰਫ਼ ਭਰੋਸਿਆਂ ਨਾਲ ਨਹੀਂ, ਪੱਕੇ ਫੈਸਲੇ ਨਾਲ ਹੀ ਸੰਤੁਸ਼ਟ ਹੋਣਗੇ।