ਅਮਰੀਕਾ-ਈਰਾਨ ’ਚ ਤਣਾਅ, ਲੋਕ ਇਕੱਠਾ ਕਰ ਰਹੇ ਸਟਾਕ
ਅਮਰੀਕਾ-ਈਰਾਨ ’ਚ ਤਣਾਅ, ਲੋਕ ਇਕੱਠਾ ਕਰ ਰਹੇ ਸਟਾਕ
Publish Date: Wed, 11 Mar 2026 05:23 PM (IST)
Updated Date: Wed, 11 Mar 2026 05:27 PM (IST)

- ਗੈਸ ਏਜੰਸੀਆਂ ਦੇ ਬਾਹਰ ਲੱਗੀ ਲੋਕਾਂ ਦੀ ਭੀੜ ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਅਮਰੀਕਾ-ਈਰਾਨ ਵਿਚਕਾਰ ਚੱਲ ਰਹੇ ਤਣਾਅ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ਨੇ ਸਥਾਨਕ ਬਾਜ਼ਾਰ ਵਿੱਚ ਬਿਨਾਂ ਲੋੜ ਹਲਚਲ ਪੈਦਾ ਕਰ ਦਿੱਤੀ ਹੈ। ਹਾਲਾਂਕਿ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਗੈਸ ਸਿਲੰਡਰ, ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਪੂਰੀ ਤਰ੍ਹਾਂ ਆਮ ਹੈ ਅਤੇ ਕਿਸੇ ਵੀ ਕਿਸਮ ਦੀ ਘਾਟ ਨਹੀਂ ਹੈ। ਇਸ ਦੇ ਬਾਵਜੂਦ ਲੋਕ ਸਾਵਧਾਨੀ ਦੇ ਨਾਂ ’ਤੇ ਇਨ੍ਹਾਂ ਦਾ ਸਟਾਕ ਇਕੱਠਾ ਕਰਨ ਵਿੱਚ ਲੱਗ ਗਏ ਹਨ। ਜ਼ਿਲ੍ਹਾ ਸੰਗਰੂਰ ਵਿੱਚ ਕਰੀਬ ਚਾਰ ਲੱਖ ਗੈਸ ਸਿਲੰਡਰ ਉਪਭੋਗਤਾ ਹਨ, ਜਿਨ੍ਹਾਂ ਨੂੰ ਗੈਸ ਏਜੰਸੀਆਂ ਵੱਲੋਂ ਸਿਲੰਡਰਾਂ ਦੀ ਸਪਲਾਈ ਦਿੱਤੀ ਜਾਂਦੀ ਹੈ। ਗੈਸ ਏਜੰਸੀਆਂ ਦੇ ਬਾਹਰ ਸਿਲੰਡਰ ਲੈਣ ਵਾਲਿਆਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ, ਜਦਕਿ ਕਈ ਲੋਕ ਖਾਲੀ ਸਿਲੰਡਰ ਭਰਵਾਉਣ ਲਈ ਸਿੱਧੇ ਗੁਦਾਮਾਂ ਤਕ ਪਹੁੰਚ ਰਹੇ ਹਨ। ਪੈਟਰੋਲ ਪੰਪਾਂ ’ਤੇ ਵੀ ਲੋਕਾਂ ਦੀ ਵਾਧੂ ਭੀੜ ਦਰਜ ਕੀਤੀ ਗਈ ਹੈ। ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਪ੍ਰਸ਼ਾਸਨ ਅਤੇ ਗੈਸ ਏਜੰਸੀ ਚਲਾਉਣ ਵਾਲੇ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਅਫਵਾਹਾਂ ’ਤੇ ਧਿਆਨ ਨਾ ਦੇਣ ਅਤੇ ਸੰਜਮ ਬਣਾਈ ਰੱਖਣ। ਘਰੇਲੂ ਗੈਸ ਸਿਲੰਡਰ ਦੀ ਬੁਕਿੰਗ ਮਿਆਦ 21 ਦਿਨਾਂ ਤੋਂ ਵਧਾ ਕੇ 25 ਦਿਨ ਕਰ ਦਿੱਤੀ ਗਈ ਹੈ, ਤਾਂ ਜੋ ਬੇਵਜ੍ਹਾ ਭੰਡਾਰਨ ’ਤੇ ਰੋਕ ਲਾਈ ਜਾ ਸਕੇ। ਇਸ ਦੇ ਨਾਲ ਹੀ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸੀਮਤ ਉਪਲਬਧਤਾ ਦਾ ਅਸਰ ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ’ਤੇ ਵੀ ਨਜ਼ਰ ਆ ਰਿਹਾ ਹੈ। ਸਬੰਧਿਤ ਸੰਸਥਾਵਾਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਘਰੇਲੂ ਸਿਲੰਡਰ ਦੀ ਵਰਤੋਂ ਨਾ ਕਰਨ ਅਤੇ ਸਿਰਫ ਕਮਰਸ਼ੀਅਲ ਗੈਸ ਸਿਲੰਡਰ ਹੀ ਵਰਤਣ। ਗੈਸ ਦੀਆਂ ਕੀਮਤਾਂ ਵਧੀਆਂ, ਹੁਣ ਲੋਕਾਂ ਨੂੰ ਕਮੀ ਦਾ ਡਰ : ਬੁੱਧਵਾਰ ਨੂੰ ਗੈਸ ਏਜੰਸੀ ’ਤੇ ਸਿਲੰਡਰ ਲੈਣ ਲਈ ਪਹੁੰਚੇ ਪ੍ਰੀਤਮ ਸਿੰਘ, ਦਰਸ਼ਨ ਸਿੰਘ ਅਤੇ ਮੁਖਤਿਆਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਅਚਾਨਕ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 60 ਰੁਪਏ ਦਾ ਵਾਧਾ ਹੋ ਗਿਆ ਹੈ। ਪਹਿਲਾਂ ਗੈਸ ਸਿਲੰਡਰ ਬੁਕ ਕਰਨ ਤੋਂ ਇਕ-ਦੋ ਦਿਨਾਂ ਵਿੱਚ ਹੀ ਘਰ ਪਹੁੰਚ ਜਾਂਦਾ ਸੀ, ਪਰ ਹੁਣ ਇੰਤਜ਼ਾਰ ਕਰਨਾ ਪੈਂਦਾ ਹੈ। ਅਜਿਹੇ ਵਿੱਚ ਡਰ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਖ਼ਰਾਬ ਹੋ ਗਏ ਤਾਂ ਘਰਾਂ ਵਿੱਚ ਖਾਣਾ ਬਣਾਉਣਾ ਵੀ ਮੁਸ਼ਕਿਲ ਹੋ ਸਕਦਾ ਹੈ। ਇਸ ਲਈ ਉਹ ਸਾਵਧਾਨੀ ਵਜੋਂ ਖੁਦ ਏਜੰਸੀ ’ਤੇ ਆ ਕੇ ਸਿਲੰਡਰ ਭਰਵਾ ਰਹੇ ਹਨ ਤਾਂ ਜੋ ਘਰ ਵਿੱਚ ਰੱਖ ਸਕਣ। ਕਮਰਸ਼ੀਅਲ ਸਿਲੰਡਰ ਲਈ ਵੀ ਕਰਨਾ ਪੈ ਰਿਹਾ ਇੰਤਜ਼ਾਰ : ਹੋਟਲ ਚਲਾਉਣ ਵਾਲੇ ਸੁਨੀਲ ਕੁਮਾਰ ਅਤੇ ਜੋਨੀ ਗਾਬਾ ਨੇ ਕਿਹਾ ਕਿ ਕਮਰਸ਼ੀਅਲ ਗੈਸ ਸਿਲੰਡਰ ਲਈ ਕੁਝ ਇੰਤਜ਼ਾਰ ਕਰਨਾ ਪੈਂਦਾ ਹੈ। ਹਾਲਾਂਕਿ ਸਪਲਾਈ ਮਿਲ ਰਹੀ ਹੈ। ਇਸ ਵੇਲੇ ਵੱਡੀ ਕਮੀ ਤਾਂ ਨਹੀਂ ਹੈ, ਪਰ ਜੇਕਰ ਆਉਣ ਵਾਲੇ ਦਿਨਾਂ ਵਿੱਚ ਸਪਲਾਈ ਬੰਦ ਹੋ ਗਈ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ। ਜ਼ਰੂਰਤ ਤੋਂ ਘੱਟ ਸਪਲਾਈ ਨਾਲ ਰੋਜ਼ਾਨਾ ਦਾ ਕੰਮ ਪ੍ਰਭਾਵਿਤ ਹੋਵੇਗਾ ਅਤੇ ਇਸ ਦਾ ਸਿੱਧਾ ਅਸਰ ਹੋਟਲ ਉਦਯੋਗ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਛੇਤੀ ਸਥਿਤੀ ਸਾਧਾਰਨ ਕੀਤੀ ਜਾਵੇ, ਨਹੀਂ ਤਾਂ ਗੈਸ ਦੀ ਘਾਟ ਨਾਲ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਸਕਦਾ ਹੈ। ਗੈਸ, ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ, ਲੋਕ ਸਬਰ ਰੱਖਣ : ਡੀਐੱਫਐੱਸਸੀ ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 26 ਗੈਸ ਏਜੰਸੀਆਂ ਕੋਲ ਗੈਸ ਦਾ ਪੂਰਾ ਸਟਾਕ ਮੌਜੂਦ ਹੈ। ਘਰੇਲੂ ਅਤੇ ਵਪਾਰਕ ਕਿਸੇ ਵੀ ਉਪਭੋਗਤਾ ਨੂੰ ਗੈਸ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਲੋਕਾਂ ਨੂੰ ਸੰਯਮ ਰੱਖਣਾ ਚਾਹੀਦਾ ਹੈ ਅਤੇ ਬੇਵਜ੍ਹਾ ਸਿਲੰਡਰ ਇਕੱਠੇ ਕਰਨ ਤੋਂ ਬਚਣਾ ਚਾਹੀਦਾ ਹੈ। ਜ਼ਿਲ੍ਹੇ ਵਿੱਚ ਲਗਭਗ ਚਾਰ ਲੱਖ ਗੈਸ ਉਪਭੋਗਤਾ ਹਨ ਅਤੇ ਸਭ ਲਈ ਕਾਫ਼ੀ ਸਪਲਾਈ ਮੌਜੂਦ ਹੈ। ਜ਼ਿਲ੍ਹੇ ਵਿੱਚ 210 ਪੈਟਰੋਲ ਪੰਪ ਹਨ ਅਤੇ ਤੇਲ ਕੰਪਨੀਆਂ ਦੇ ਡਿਪੋਜ਼ ’ਤੇ ਵੀ ਪੈਟਰੋਲ-ਡੀਜ਼ਲ ਦੀ ਪੂਰੀ ਵਿਵਸਥਾ ਹੈ। ਲੋਕ ਤੇਲ ਦਾ ਸਟਾਕ ਨਾ ਕਰਨ, ਕਿਉਂਕਿ ਇਸ ਨਾਲ ਕਮੀ ਪੈਦਾ ਹੋ ਸਕਦੀ ਹੈ ਅਤੇ ਇਹ ਖਤਰਨਾਕ ਵੀ ਹੋ ਸਕਦਾ ਹੈ। ਹੁਣ 25 ਦਿਨਾਂ ਬਾਅਦ ਹੀ ਹੋਵੇਗੀ ਘਰੇਲੂ ਗੈਸ ਸਿਲੰਡਰ ਦੀ ਬੁਕਿੰਗ : ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਹੁਣ ਘਰੇਲੂ ਗੈਸ ਸਿਲੰਡਰ ਦੀ ਬੁਕਿੰਗ ਦਾ ਸਮਾਂ 21 ਦਿਨਾਂ ਤੋਂ ਵਧਾ ਕੇ 25 ਦਿਨ ਕਰ ਦਿੱਤਾ ਗਿਆ ਹੈ। ਕੰਪਨੀਆਂ ਦੇ ਹੁਕਮਾਂ ’ਤੇ ਏਜੰਸੀਆਂ ਨੇ ਇਹ ਕਦਮ ਚੁੱਕਿਆ ਹੈ। ਏਜੰਸੀ ਸੰਚਾਲਕ ਜੋਗਿੰਦਰ ਸਿੰਘ ਨੇ ਕਿਹਾ ਕਿ ਇਹ ਨਿਯਮ ਇਸ ਲਈ ਲਾਗੂ ਕੀਤਾ ਗਿਆ ਹੈ ਤਾਂ ਜੋ ਲੋਕ ਬੇਵਜ੍ਹਾ ਗੈਸ ਸਿਲੰਡਰ ਇਕੱਠੇ ਨਾ ਕਰਨ। ਹੁਣ 25 ਦਿਨ ਬਾਅਦ ਹੀ ਅਗਲੇ ਸਿਲੰਡਰ ਦੀ ਬੁਕਿੰਗ ਕੀਤੀ ਜਾ ਸਕੇਗੀ।