ਗੈਰ ਵਿੱਦਿਅਕ ਲਗਾਈਆਂ ਡਿਊਟੀਆਂ ਦਾ ਅਧਿਆਪਕਾਂ ਵੱਲੋਂ ਵਿਰੋਧ
ਗੈਰ ਵਿਦਿਅਕ ਜਬਰੀ ਲਗਾਈਆਂ ਡਿਊਟੀਆਂ ਦਾ ਅਧਿਆਪਕਾਂ ਵੱਲੋਂ ਵਿਰੋਧ
Publish Date: Thu, 11 Jun 2026 04:18 PM (IST)
Updated Date: Fri, 12 Jun 2026 04:03 AM (IST)

ਡਰੱਗ ਸੈਂਸਜ ਦੀ ਆੜ੍ਹ ਹੇਠ ਕੀਤਾ ਜਾ ਰਿਹਾ ਨਿੱਜੀ ਪਾਰਟੀ ਦਾ ਰਾਜਨੀਤਕ ਸਰਵੇ ਸਰਕਾਰੀ ਅਧਿਆਪਕਾਂ ਦੀ ਬਾਂਹ ਮਰੋੜ ਕੇ ਪੁਲੀਟੀਕਲ ਮੁਫਾਦ ਕੀਤੇ ਜਾ ਰਹੇ ਹਨ ਪੂਰੇ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਡਰੱਗ ਕਮ ਸਮਾਜਿਕ ਆਰਥਿਕ ਸੈਂਸਜ ਦੇ ਨਾਮ ’ਤੇ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੋਂ ਜਬਰੀ ਗੈਰ ਵਿੱਦਿਅਕ ਡਿਊਟੀਆਂ ਤੇ ਆਪਣਾ ਰਾਜਨੀਤਕ ਮੁਫ਼ਾਦਾਂ ਨੂੰ ਪੂਰਾ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇੱਕ ਪਾਸੇ ਸਰਕਾਰ ਵੱਲੋਂ ਅਖ਼ਬਾਰਾਂ ਰਾਹੀਂ ਤੇ ਹੋਰ ਸਾਧਨਾਂ ਰਾਹੀਂ ਇਸ ਸਰਵੇ ਲਈ ਸਵੈ ਇੱਛਤ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣ ਸਬੰਧੀ ਇਸ਼ਤਿਹਾਰ ਦਿੱਤੇ ਗਏ ਹਨ ਦੂਜੇ ਪਾਸੇ ਅਧਿਕਾਰੀਆਂ ਵੱਲੋਂ ਅਧਿਆਪਕਾਂ ਦੀਆਂ ਜਬਰੀ ਡਿਊਟੀਆਂ ਲਗਾ ਕੇ ਅਧਿਆਪਕਾਂ ਨੂੰ ਡਿਊਟੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਿਸ ਦਾ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਬੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ ਅਧਿਆਪਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨਿਰਮਲ ਸਿੰਘ ਚੁਹਾਣਕੇ, ਦਲਜਿੰਦਰ ਸਿੰਘ, ਜਗਦੀਪ ਸਿੰਘ ਭੱਦਲਵੱਡ ਵੱਲੋਂ ਕੀਤਾ ਗਿਆ। ਮੀਟਿੰਗ ’ਚ ਆਪਣੇ ਵਿਚਾਰ ਰੱਖਦੇ ਹੋਏ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਏਆਈ ਤਕਨੀਕ ਦੀ ਵਰਤੋਂ ਕਰਦੇ ਹੋਏ ਆਮ ਲੋਕਾਂ ਤੋਂ ਅਜਿਹੇ ਸਵਾਲ ਕੀਤੇ ਜਾਣੇ ਹਨ। ਜਿਸ ’ਚ ਸਰਕਾਰ ਦੀਆਂ ਸਕੀਮਾਂ ਸਬੰਧੀ ਹੀ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਅਤੇ ਉਨ੍ਹਾਂ ਤੋਂ ਇਹ ਵੀ ਪੁੱਛਿਆ ਜਾਵੇਗਾ ਕਿ ਸਰਕਾਰ ਨੂੰ ਹੋਰ ਕਿਹੜੇ ਕੰਮ ਕਰਨੇ ਚਾਹੀਦੇ ਹਨ ਅਜਿਹੇ ਵਿੱਚ ਪਹਿਲੀ ਨਜ਼ਰ ’ਚ ਇਹ ਪ੍ਰਤੀਤ ਹੁੰਦਾ ਹੈ ਕਿ ਸਰਕਾਰ ਵੱਲੋਂ ਸਰਵੇ ਦੇ ਨਾਂ ਹੇਠ ਇੱਕ ਪਾਰਟੀ ਵਿਸ਼ੇਸ਼ ਲਈ ਕੋਈ ਸਰਵੇ ਜਾਂ ਭਵਿੱਖੀ ਨੀਤੀਆਂ ਕਰਨ ਲਈ ਏਜੰਡਾ ਤਿਆਰ ਕਰਵਾਇਆ ਜਾ ਰਿਹਾ ਹੈ। ਉਕਤ ਦੇ ਨਾਲ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਵੋਟਾਂ ਵਟੋਰ ਕੇ ਸੱਤਾ ’ਚ ਆਈ ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਤੌਰ ’ਤੇ ਐਲਾਨ ਕੀਤਾ ਗਿਆ ਸੀ ਕਿ ਕਿਸੇ ਵੀ ਅਧਿਆਪਕ ਤੋਂ ਗੈਰ ਵਿੱਦਿਅਕ ਡਿਊਟੀ ਨਹੀਂ ਕਰਵਾਈ ਜਾਵੇਗੀ, ਅਧਿਆਪਕਾਂ ਨੂੰ ਪੜ੍ਹਾਈ ਲਈ ਸੁਖਾਵਾਂ ਮਾਹੌਲ ਬਣਾਇਆ ਜਾਵੇਗਾ ਪਰ ਇਸ ਦੇ ਉਲਟ ਇਸ ਸਰਕਾਰ ਵੱਲੋਂ ਲਗਾਤਾਰ ਅਧਿਆਪਕਾਂ ਤੋਂ ਗੈਰ ਵਿਦਿਕ ਡਿਊਟੀਆਂ ਕਰਵਾਈਆਂ ਜਾ ਰਹੀਆਂ ਹਨ ਇੱਥੋਂ ਤੱਕ ਕਿ ਮਰਦਮਸੁਮਾਰੀ, ਬੀਐੱਲਓ ਡਿਊਟੀਆਂ, ਇਲੈਕਸ਼ਨ ਡਿਊਟੀ, ਤੋਂ ਇਲਾਵਾ ਡਰੱਗ ਸੈਂਸਜ, ਤੀਰਥ ਯਾਤਰਾ ਤੇ ਹੈੱਲਥ ਕਾਰਡ ਬਣਵਾਉਣ ਲਈ ਵੀ ਵੱਡੇ ਪੱਧਰ ਉੱਪਰ ਅਧਿਆਪਕਾਂ ਦੀ ਡਿਊਟੀ ਲਗਾਈ ਜਾਂਦੀ ਰਹੀ ਹੈ। ਅਧਿਆਪਕ ਲਗਾਤਾਰ ਸਕੂਲਾਂ ਤੋਂ ਬਾਹਰ ਡਿਊਟੀ ਕਰਨ ਲਈ ਮਜ਼ਬੂਰ ਕੀਤੇ ਜਾ ਰਹੇ ਹਨ ਜਿਸ ਦਾ ਅਸਰ ਵੱਡੀ ਪੱਧਰ ਦੇ ਉੱਪਰ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਵੀ ਪਿਆ ਹੈ। ਸਰਕਾਰ ਦੇ ਇਸ ਰਵਈਏ ਦਾ ਵਿਰੋਧ ਕਰਦਿਆਂ ਹੋਇਆਂ ਅਧਿਆਪਕਾਂ ਨਾਲ ਮੀਟਿੰਗ ਕਰਨ ਉਪਰੰਤ ਜਥੇਬੰਦੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਡਰੱਗ ਸੈਂਸਜ ’ਚ ਡਿਊਟੀਆਂ ਨੂੰ ਲੈ ਕੇ ਅਧਿਆਪਕਾਂ ਤੇ ਕੀਤੇ ਜਾ ਰਹੇ ਇਸ ਜਬਰ ਦੇ ਵਿਰੋਧ ’ਚ ਕੱਲ੍ਹ ਮਿਤੀ 12 ਜੂਨ ਨੂੰ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਅਧਿਆਪਕਾਂ ਦੇ ਇੱਕ ਮਾਸ ਡੈਪੂਟੇਸ਼ਨ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਨੂੰ ਸਾਰੀ ਸਥਿਤੀ ਨਾਲ ਜਾਣੂ ਕਰਵਾਇਆ ਜਾਵੇ ਅਤੇ ਅਧਿਆਪਕਾਂ ਦੀਆਂ ਲਗਾਈਆਂ ਗਈਆਂ ਇਸ ਗੈਰ ਵਿੱਦਿਅਕ ਡਿਊਟੀਆਂ ਨੂੰ ਕਟਵਾਇਆ ਜਾ ਸਕੇ। ਇਨ੍ਹਾਂ ਡਿਊਟੀਆਂ ਨੂੰ ਲਗਾਉਣ ਲਈ ਕਿਸੇ ਦੇ ਅਹੁਦੇ ਆਦਿ ਸਬੰਧੀ ਮਰਿਯਾਦਾ ਨੂੰ ਕੋਈ ਧਿਆਨ ’ਚ ਨਹੀਂ ਰੱਖਿਆ ਗਿਆ। ਇਨ੍ਹਾਂ ਡਿਊਟੀਆਂ ’ਚ ਇੱਕੋ ਸਕੂਲ ਦੇ ਪ੍ਰਿੰਸੀਪਲ ਤੇ ਪੀਅਨ ਨੂੰ ਬਰਾਬਰ ਡਿਊਟੀ ਦਿੱਤੀ ਗਈ ਹੈ। ਅੱਜ ਦੀ ਮੀਟਿੰਗ ’ਚ ਬਲਜਿੰਦਰ ਪ੍ਰਭੂ, ਹਰਜਿੰਦਰ ਸਿੰਘ ਲਾਲੀ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਪ੍ਰੇਮ ਸਿੰਘ, ਸਮੇਤ ਵੱਡੀ ਗਿਣਤੀ ’ਚ ਅਧਿਆਪਕ ਹਾਜ਼ਰ ਸਨ।