ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਦੇਣ ਵਾਲਿਆਂ ਨੂੰ ਦਿਲੋਂ ਵਸਾਰ ਚੁੱਕਿਆ
ਸੁਖਬੀਰ ਸਿੰਘ ਬਾਦਲ ਨੇ ਧਨੌਲੇ ਢਾਬੇ
Publish Date: Mon, 12 Jan 2026 04:15 PM (IST)
Updated Date: Tue, 13 Jan 2026 04:01 AM (IST)

ਜੇਲ੍ਹਾਂ ਕੱਟਣ ਵਾਲੀ 109 ਸਾਲਾਂ ਟਕਸਾਲੀ ਅਕਾਲੀ ਆਗੂ ਜੱਸ ਕੌਰ ਦੀ ਨਹੀ ਲਈ ਕੋਈ ਸਾਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਕੁਰਬਾਨੀਆਂ ਤੋਂ ਬਾਅਦ ਹੋਂਦ ’ਚ ਆਏ ਅਕਾਲੀ ਦਲ ਨੂੰ ਸੈਂਕੜੇ ਅਕਾਲੀ ਬੀਬੀਆਂ ਤੇ ਸਿੰਘਾਂ ਵੱਲੋਂ ਜੇਲ੍ਹਾਂ ਕੱਟ ਕੇ ਇਸ ਦੇ ਮਾਨਮਤੇ ਇਤਿਹਾਸ ਨੂੰ ਬਰਕਾਰ ਰੱਖਿਆ ਗਿਆ। ਪਰ ਹੁਣ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਦੇਣ ਵਾਲਿਆਂ ਨੂੰ ਦਿਲੋਂ ਵਸਾਰ ਚੁੱਕਿਆ ਹੈ। ਜਿਸ ਕਾਰਨ ਹੁਣ ਟਕਸਾਲੀ ਅਕਾਲੀ ਆਪਣੇ ਪੈਰ ਪਿਛਾਂਹ ਵੱਲ ਖਿੱਚਣ ਲੱਗੇ ਹਨ। ਅਜਿਹਾ ਹੀ ਇਕ ਟਕਾਸਲੀ ਪਰਿਵਾਰ ਸਥਾਨਕ ਧਨੌਲਾ ਅੰਦਰ ਰਹਿ ਰਿਹਾ ਜਿਸ ਘਰ ਅੰਦਰ ਘਰ ਦੀ ਮੋਢੀ 109 ਸਾਲਾਂ ਮਾਈ ਜੱਸ ਕੌਰ ਜੋਕਿ ਆਪਣੇ ਆਖ਼ਰੀ ਸਾਹਾਂ ’ਤੇ ਹੈ ਮਗਰ ਕਿਸੇ ਵੀ ਆਗੂ ਨੇ ਮਾਈ ਜੱਸ ਕੌਰ ਦੀ ਸਾਰ ਨਹੀਂ ਲਈ ਭਾਵੇਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਜਥੇਦਾਰ ਨਿਹਾਲ ਸਿੰਘ ਉੱਪਲੀ ਵੱਲੋਂ 19 ਫ਼ਰਵਰੀ 2023 ’ਚ ਮਾਈ ਜੱਸ ਕੌਰ ਨਾਲ ਮੁਲਾਕਾਤ ਕੀਤੀ ਗਈ। ਲੇਕਿਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਈ ਵਾਰ ਧਨੌਲਾ ਅੰਦਰ ਆਏ ਤੇ ਚਾਹ-ਪਾਣੀ ਪੀਤਾ ਤੇ ਫੋਟੋਆਂ ਖਿੱਚਵਾਕੇ ਚੱਲਦੇ ਬਣੇ ਮਗਰ ਉਨ੍ਹਾਂ ਨੇ ਵੀ ਮਾਈ ਜੱਸ ਕੌਰ ਨਾਲ ਮੁਲਾਕਾਤ ਲਈ ਸਮਾਂ ਨਹੀਂ ਕੱਢਿਆ। ਭਾਵੇਂ ਕਿ ਉਸਦੇ ਪੋਤੇ ਵੱਲੋਂ ਇਕ ਵਿਆਹ ਸਮਾਗਮ ਦਾ ਸੁਨੇਹਾ ਦੇਣ ਸਮੇਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜਾਣੂੰ ਕਰਵਾਇਆ ਗਿਆ ਪਰ ਉਹ ਵੀ ਨਹੀਂ ਬਹੁੜੇ। ਇਸ ਕਾਰਨ ਪਰਿਵਾਰ ਅੰਦਰ ਅਕਾਲੀ ਦਲ ਪ੍ਰਤੀ ਦੂਰੀਆਂ ਵੱਧ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਸਿਰਫ ਉਹੀ ਲੋਕ ਨਜ਼ਰ ਆਉਂਦੇ ਹਨ ਜਿਨ੍ਹਾਂ ਨੂੰ ਨਾ ਤਾਂ ਅਕਾਲੀਆਂ ਵੱਲੋਂ ਕੀਤੀਆਂ ਕੁਰਬਾਨੀਆਂ ਬਾਰੇ ਪਤਾ ਹੈ ਅਤੇ ਨਾ ਹੀ ਕੁਰਬਾਨੀਆਂ ਕਰਨ ਵਾਲਿਆਂ ਮਹਾਨ ਸ਼ਖਸੀਅਤਾਂ ਬਾਰੇ ਪਤਾ ਹੈ। ਪ੍ਰਧਾਨ ਸੁਖਬੀਰ ਸਿੰਘ ਬਾਦਲ ਜਦੋਂ ਵੀ ਧਨੌਲੇ ਆਉਂਦੇ ਹਨ ਤਾਂ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜੇਲ੍ਹਾਂ ਕੱਟਣ ਵਾਲਿਆਂ ਦੀ ਸਾਰ ਲੈਣ ਦੀ ਥਾਂ ਸਿਰਫ ਉਨ੍ਹਾਂ ਲੋਕਾਂ ਦੇ ਘੇਰੇ ਤੱਕ ਹੀ ਸੀਮਿਤ ਰਹਿ ਜਾਂਦੇ ਹਨ। ਜਿਹੜੇ ਸਿਰਫ਼ ਫੋਟੋਆਂ ਖਿਚਵਾਉਣ ਦੇ ਸ਼ੌਕੀਨ ਹਨ। ਸੁਖਬੀਰ ਸਿੰਘ ਬਾਦਲ ਅਤੇ ਸਮੁੱਚੇ ਅਕਾਲੀ ਆਗੂ ਇਹ ਭੁੱਲ ਚੁੱਕੇ ਹਨ ਕਿ ਮਾਤਾ ਜੱਸ ਕੌਰ ਜੀ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵੱਖ ਵੱਖ ਮੋਰਚਿਆ ਸਮੇਂ ਜੇਲ੍ਹਾਂ ਕੱਟੀਆਂ ਗਈਆਂ। ਮਾਈ ਜੱਸ ਕੌਰ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਲੰਮਾ ਸਮਾ ਪਾਰਟੀ ਲਈ ਸੇਵਾ ਨਿਭਾਈ ਤੇ ਬਲਿਊ ਸਟਾਰ ਉਪਰੰਤ ਉਨ੍ਹਾਂ ਧਰਮ ਪ੍ਰਤੀ ਦਿੜਤਾ ਤੇ ਨਿਸ਼ਠਤਾ ਨਾਲ ਸਮੇਂ-ਸਮੇਂ ਜੇਲ੍ਹ ਜਾਣ ਤੇ ਕੋਮ ਪ੍ਰਤੀ ਆਪਣੀ ਸੇਵਾ ਜਾਰੀ ਰੱਖੀਂ ਗਈ। ਅੱਜ ਭਾਵੇਂ ਅੱਜ ਮਾਈ ਜੱਸ ਕੌਰ 109 ਸਾਲਾਂ ਨੂੰ ਪਾਰ ਕਰ ਚੁੱਕੇ ਹਨ ਪਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਮਾਤਾ ਦੀ ਕਿਸੇ ਵੀ ਸਥਾਨਕ ਆਗੂ ਜਾਂ ਸੂਬਾ ਪੱਧਰ ਦੇ ਆਗੂ ਵੱਲੋਂ ਸਾਰ ਨਹੀਂ ਲਈ ਜਾ ਰਹੀ ਜਦੋਂਕਿ ਉਨ੍ਹਾਂ ਹਮੇਸ਼ਾ ਅਕਾਲੀ ਦਲ ਦਾ ਝੰਡਾ ਬੁਲੰਦ ਰੱਖਿਆ ਹੈ।