ਵਿਦਿਆਰਥਣਾਂ ਨੇ ਪਟਿਆਲਾ ਵਿਖੇ ਉਦਯੋਗਿਕ ਦੌਰਾ ਕੀਤਾ
ਵਿਦਿਆਰਥਣਾਂ ਨੇ ਸੋਲੀਟੇਅਰ ਇਨਫੋਸਿਸ, ਪਟਿਆਲਾ ਵਿਖੇ ਉਦਯੋਗਿਕ ਦੌਰਾ ਕੀਤਾ
Publish Date: Tue, 24 Feb 2026 07:53 PM (IST)
Updated Date: Wed, 25 Feb 2026 04:13 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਬੰਧ ਅਤੇ ਪਿ੍ੰਸੀਪਲ ਚਰਨਦੀਪ ਸਿੰਘ (ਡਾ.) ਦੀ ਅਗਵਾਈ ਅਧੀਨ ਚਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ (ਬਰਨਾਲਾ) ਦੇ ਕੰਪਿਊਟਰ ਵਿਭਾਗ ਵੱਲੋਂ ਵਿਦਿਆਰਥਣਾਂ ਦਾ ਸੋਲੀਟੇਅਰ ਇਨਫੋਸਿਸ ਪ੍ਰਾਈਵੇਟ ਲਿਮਟਿਡ, ਪਟਿਆਲਾ ਦਾ ਇੱਕ ਉਦਯੋਗਿਕ ਦੌਰਾ ਕਰਵਾਇਆ ਗਿਆ। ਇਹ ਦੌਰਾ ਵਿਦਿਆਰਥਣਾਂ ਨੂੰ ਉਦਯੋਗਿਕ ਵਾਤਾਵਰਣ ਅਤੇ ਵਿਹਾਰਕ ਗਿਆਨ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਰੱਖਿਆ ਗਿਆ ਸੀ ਅਤੇ ਇਸ ਸਮੇਂ ਵਿਦਿਆਰਥਣਾਂ ਦੀ ਅਗਵਾਈ ਵਿਭਾਗ ਮੁਖੀ ਪ੍ਰੋ. ਜਸਪ੍ਰੀਤ ਕੌਰ ਅਤੇ ਪ੍ਰੋਗਰਾਮ ਅਫ਼ਸਰ ਪ੍ਰੋ. ਨਰਪ੍ਰੀਤ ਕੌਰ ਦੁਆਰਾ ਕੀਤੀ ਗਈ। ਇਸ ਮੌਕੇ ਤੇ ਵਿਦਿਆਰਥਣਾਂ ਨੇ ਕੰਪਨੀ ਦੇ ਕਾਰਜ ਪ੍ਰਣਾਲੀ, ਉੱਥੇ ਵਰਤੀਆਂ ਜਾਂਦੀਆਂ ਨਵੀਨਤਮ ਤਕਨੀਕਾਂ ਅਤੇ ਸਾਫਟਵੇਅਰ ਵਿਕਾਸ ਪ੍ਰਕਿਰਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਖਾਸ ਤੌਰ ਤੇ ਵਿਦਿਆਰਥੀਆਂ ਨੇ ਫੁੱਲ ਸਟੈਕ ਡਿਵੈਲਪਮੈਂਟ (Full Stack Development) ਅਤੇ ਪਾਈਥਨ (Python) ਪ੍ਰੋਗਰਾਮਿੰਗ ਭਾਸ਼ਾ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ। ਕੰਪਨੀ ਦੇ ਮਾਹਰਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਫੁੱਲ ਸਟੈਕ ਡਿਵੈਲਪਮੈਂਟ ਵਿੱਚ ਵੈੱਬਸਾਈਟ ਦੇ ਦੋਨੋਂ ਭਾਗਾਂ (ਫਰੰਟ-ਐਂਡ ਅਤੇ ਬੈਕ-ਐਂਡ) ਨੂੰ ਵਿਕਸਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਪਾਈਥਨ ਦੀ ਵਰਤੋਂ ਡੇਟਾ ਸਾਇੰਸ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਵੈੱਬ ਡਿਵੈਲਪਮੈਂਟ ਵਿੱਚ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਇਸ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਵਿਭਾਗ ਮੁਖੀ ਪ੍ਰੋ. ਜਸਪ੍ਰੀਤ ਕੌਰ ਨੇ ਇਸ ਮੌਕੇ ਕਿਹਾ ਕਿ ਇਸ ਤਰ੍ਹਾਂ ਦੇ ਦੌਰੇ ਵਿਦਿਆਰਥੀਆਂ ਦੇ ਕਿਤਾਬੀ ਗਿਆਨ ਨੂੰ ਵਿਹਾਰਕ ਰੂਪ ਦੇਣ ਵਿੱਚ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੋਲੀਟੇਅਰ ਇਨਫੋਸਿਸ ਵਿਖੇ ਵਿਦਿਆਰਥੀਆਂ ਨੇ ਆਈ.ਟੀ. ਖੇਤਰ ਵਿੱਚ ਕੰਮ ਕਰਨ ਦੇ ਤਰੀਕਿਆਂ ਨੂੰ ਨੇੜਿਓਂ ਦੇਖਿਆ, ਜੋ ਉਨ੍ਹਾਂ ਦੇ ਭਵਿੱਖ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਪ੍ਰੋਗਰਾਮ ਅਫ਼ਸਰ ਪ੍ਰੋ. ਨਰਪ੍ਰੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਵੀ ਇਸ ਦੌਰੇ ਦੌਰਾਨ ਬਹੁਤ ਉਤਸ਼ਾਹ ਦਿਖਾਇਆ ਅਤੇ ਫੁੱਲ ਸਟੈਕ ਡਿਵੈਲਪਮੈਂਟ ਤੇ ਪਾਈਥਨ ਵਰਗੀਆਂ ਆਧੁਨਿਕ ਤਕਨੀਕਾਂ ਬਾਰੇ ਡੂੰਘੀ ਸਮਝ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਦੌਰੇ ਕਰਵਾਏ ਜਾਂਦੇ ਰਹਿਣਗੇ ਤਾਂ ਜੋ ਵਿਦਿਆਰਥੀ ਉਦਯੋਗ ਦੀਆਂ ਲੋੜਾਂ ਮੁਤਾਬਕ ਆਪਣੇ ਆਪ ਨੂੰ ਤਿਆਰ ਕਰ ਸਕਣ। ਪਿ੍ੰਸੀਪਲ ਚਰਨਦੀਪ ਸਿੰਘ (ਡਾ.) ਦੁਆਰਾ ਕੰਪਿਊਟਰ ਵਿਭਾਗ ਦੇ ਅਧਿਆਪਕਾਂ ਨੂੰ ਵਿਦਿਆਰਥਣਾਂ ਨੂੰ ਵਿਸ਼ੇ ਦੀ ਵਿਹਾਰਕ ਜਾਣਕਾਰੀ ਪ੍ਦਾਨ ਕਰਨ ਹਿੱਤ ਕਰਵਾਈ ਗਤੀਵਿਧੀ ਦੀ ਸ਼ਲਾਘਾ ਕੀਤੀ| ਉਨ੍ਹਾਂ ਵਿਸ਼ਵਾਸ ਪ੍ਗਟ ਕੀਤਾ ਕਿ ਵਿਦਿਆਰਥਣਾਂ ਦਾ ਉਦਯੋਗਿਕ ਦੌਰਾ ਉਨ੍ਹਾਂ ਦੇ ਅਕਾਦਮਿਕ ਵਿਕਾਸ ਵਿੱਚ ਸਹਾਈ ਹੋਵੇਗਾ।