ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਕੀਤਾ ਜਾਗਰੂਕ
ਵਿਦਿਆਰਥੀਆਂ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਕੀਤਾ ਜਾਗਰੂਕ
Publish Date: Mon, 19 Jan 2026 05:05 PM (IST)
Updated Date: Tue, 20 Jan 2026 04:07 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਐਨ.ਡੀ.ਆਰ.ਐੱਫ (ਬਠਿੰਡਾ) ਦੀ ਟੀਮ ਵੱਲੋਂ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਸੁਰੱਖਿਆ ਅਤੇ ਜਾਗਰੂਕਤਾ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਵੱਖ- ਵੱਖ ਕਿਸਮਾਂ ਦੀਆਂ ਆਫਤਾਂ ਤੋਂ ਬਚਾਅ, ਸੁਰੱਖਿਆ ਦੇ ਤਰੀਕਿਆਂ, ਮੁੱਢਲੀ ਡਾਕਟਰੀ ਸਹਾਇਤਾ ਅਤੇ ਜੀਵਨ ਬਚਾਉਣ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਦੀ ਅਗਵਾਈ ਸਬ- ਇੰਸਪੈਕਟਰ ਰੇਖ ਸਿੰਘ ਮੀਨਾ ਨੇ ਕੀਤੀ। ਇਸ ਦੌਰਾਨ ਐਨ.ਡੀ.ਆਰ.ਐੱਫ ਦੀ ਟੀਮ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਭੂਚਾਲ ਤੋਂ ਬਚਾਅ, ਅੱਗ ਲੱਗਣ ਤੇ ਪ੍ਰਤੀਕ੍ਰਿਆ, ਬਲੀਡਿੰਗ ਕੰਟਰੋਲ, ਸੀਪੀਆਰ, ਐਫਬੀਏਓ ਤੇ ਹੜ੍ਹਾਂ ਦੇ ਸਮੇਂ ਵਰਤੋਂ ’ਚ ਆਉਣ ਵਾਲੇ ਇੰਪ੍ਰੋਵਾਈਜਡ ਫਲੋਟਿੰਗ ਡਿਵਾਈਸ ਬਾਰੇ ਦੱਸਿਆ ਗਿਆ। ਟੀਮ ਵੱਲੋਂ ਪ੍ਰਦਰਸ਼ਨ ਰਾਹੀਂ ਵਿਦਿਆਰਥੀਆਂ ਤੇ ਸਕੂਲ ਸਟਾਫ ਨੂੰ ਫਸਟ ਏਡ, ਸੁਰੱਖਿਅਤ ਨਿਕਾਸੀ ਪ੍ਰਕਿਰਿਆ ਤੇ ਆਪਦਾ ਦੇ ਸਮੇਂ ਜ਼ਰੂਰੀ ਸਾਵਧਾਨੀਆਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲੱਠ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਨੂੰ ਵੱਖ-ਵੱਖ ਆਪਦਾਵਾਂ ਤੋਂ ਬਚਾਅ , ਸੁਰੱਖਿਆ ਦੇ ਤਰੀਕੇ ਤੇ ਜੀਵਨ ਰੱਖਿਆ ਤਕਨੀਕਾਂ ਬਾਰੇ ਸੁਚੇਤ ਕੀਤਾ ਤਾਂ ਜੋ ਅਸੀਂ ਆਪਣੇ ਜੀਵਨ ਨੂੰ ਸੁਰੱਖਿਅਤ ਰੱਖ ਸਕੀਏ। ਇਸ ਮੌਕੇ ਸਕੂਲ ਦੇ ਐੱਮਡੀ ਰਣਪ੍ਰੀਤ ਸਿੰਘ ਰਾਏ, ਵਾਇਸ ਪ੍ਰਿੰਸੀਪਲ ਮੈਡਮ ਸੁਮਨ, ਸਟਾਫ ਅਤੇ ਵਿਦਿਆਰਥੀ ਹਾਜਰ ਸਨ।