ਚਾਈਨਾਂ ਡੋਰ ਵੇਚਣ ਤੇ ਵਰਤਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ : ਐੱਸਐੱਚਓ
ਚਾਇਨਾਂ ਡੋਰ ਵੇਚਣ ਤੇ ਵਰਤਣ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਰਵਾਈ: ਐਸਐੱਚਓ ਜਗਜੀਤ ਸਿੰਘ
Publish Date: Tue, 13 Jan 2026 06:01 PM (IST)
Updated Date: Wed, 14 Jan 2026 04:06 AM (IST)

ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਖ਼ਤਰਨਾਕ ਚਾਈਨਾ ਡੋਰ (ਪਲਾਸਟਿਕ ਡੋਰ) ਕਾਰਨ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਬਰਨਾਲਾ ਪੁਲਿਸ ਪੂਰੀ ਤਰ੍ਹਾਂ ਐਕਸ਼ਨ ਮੋਡ ’ਚ ਆ ਗਈ ਹੈ। ਇਸੇ ਲੜੀ ਤਹਿਤ ਥਾਣਾ ਸਦਰ ਬਰਨਾਲਾ ਦੇ ਐਸ.ਐਚ.ਓ. ਜਗਜੀਤ ਸਿੰਘ ਨੇ ਹੰਢਿਆਇਆ ਪੁਲਿਸ ਚੌਕੀ ਵਿਖੇ ਵਿਸ਼ੇਸ਼ ਗੱਲਬਾਤ ਕੀਤੀ ਤੇ ਇਸ ਜਾਨਲੇਵਾ ਡੋਰ ਵਿਰੁੱਧ ਮੁਹਿੰਮ ਦਾ ਆਗਾਜ਼ ਕੀਤਾ। ਐਸਐਚਓ ਜਗਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਚਾਈਨਾ ਡੋਰ ਵੇਚਣਾ ਤੇ ਵਰਤਣਾ ਨਾ ਸਿਰਫ਼ ਕਾਨੂੰਨੀ ਅਪਰਾਧ ਹੈ, ਸਗੋਂ ਇਹ ਇਨਸਾਨੀ ਜਾਨਾਂ ਤੇ ਬੇਜ਼ੁਬਾਨ ਪੰਛੀਆਂ ਲਈ ਵੀ ਬੇਹੱਦ ਘਾਤਕ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਦੁਕਾਨਦਾਰ ਚੋਰੀ-ਛਿਪੇ ਚਾਈਨਾ ਡੋਰ ਵੇਚਦੇ ਫੜੇ ਗਏ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇਗਾ। ਮਾਪੇ ਆਪਣੇ ਬੱਚਿਆਂ ਨੂੰ ਇਹ ਡੋਰ ਲੈ ਕੇ ਨਾ ਦੇਣ। ਉਨ੍ਹਾਂ ਅਪੀਲ ਕੀਤੀ ਕਿ ਲੋਕ ਇਸ ਜਾਨਲੇਵਾ ਡੋਰ ਦਾ ਮੁਕੰਮਲ ਬਾਈਕਾਟ ਕਰਨ। ਚਾਈਨਾ ਡੋਰ ਕੋਈ ਖੇਡ ਨਹੀਂ, ਸਗੋਂ ਇੱਕ ਜਾਨਲੇਵਾ ਹਥਿਆਰ ਹੈ। ਅਸੀਂ ਕਿਸੇ ਵੀ ਕੀਮਤ ਤੇ ਸ਼ਹਿਰ ਤੇ ਇਲਾਕੇ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਾਂਗੇ। ਇਸ ਮੌਕੇ ਉਨ੍ਹਾਂ ਦੇ ਨਾਲ ਏਐਸਆਈ ਕੁਲਵੰਤ ਸਿੰਘ ਵੀ ਮੌਜੂਦ ਸਨ। ਪੁਲਿਸ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਆਉਣ ਵਾਲੇ ਦਿਨਾਂ ’ਚ ਦੁਕਾਨਾਂ ਤੇ ਅਚਨਚੇਤ ਛਾਪੇਮਾਰੀ ਕੀਤੀ ਜਾਵੇਗੀ ਤੇ ਸ਼ੱਕੀ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਪੁਲਿਸ ਨੇ ਆਮ ਜਨਤਾ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਵੀ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ, ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।