ਵਾਤਾਵਰਨ ਪ੍ਰੇਮੀ ਕਿਸਾਨਾਂ ਦਾ ਕੀਤਾ ਸਨਮਾਨ
ਨੁੱਕੜ ਨਾਟਕ ਦੀ ਪੇਸ਼ਕਾਰੀ ਤੇ ਵਾਤਾਵਰਨ ਪ੍ਰੇਮੀ ਕਿਸਾਨਾਂ ਦਾ ਸਨਮਾਨ
Publish Date: Thu, 29 Jan 2026 07:18 PM (IST)
Updated Date: Fri, 30 Jan 2026 04:11 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਸੀਨੀਅਰ ਸੈਕੰਡਰੀ ਸਕੂਲ, ਗਹਿਲ (ਬਰਨਾਲਾ) ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਹਿਯੋਗ ਨਾਲ ਲਗਾਏ ਜਾ ਰਹੇ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਦੇ ਦੂਸਰੇ ਦਿਨ ਸਮਾਜਿਕ ਕੁਰੀਤੀਆਂ ਖ਼ਿਲਾਫ਼ ਮੁਹਿੰਮ ਨੂੰ ਜਾਰੀ ਰੱਖਿਆ ਗਿਆ। ਇਸ ਕੈਂਪ ਦੇ ਦੂਸਰੇ ਦਿਨ ਦੀ ਸ਼ੁਰੂਆਤ ਸਵੇਰ ਦੀ ਪ੍ਰਾਰਥਨਾ ਤੇ ਯੋਗ ਅਭਿਆਸ ਨਾਲ ਕੀਤੀ ਗਈ, ਜਿਸ ’ਚ ਸਾਰੇ ਵਲੰਟੀਅਰਾਂ ਵੱਲੋਂ ਭਾਗ ਲਿਆ ਗਿਆ। ਇਸ ਉਪਰੰਤ ਸੰਸਥਾ ਦੇ ਐੱਨਐੱਸਐੱਸ ਵਿਭਾਗ ਤੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਨਿਹਾਲ ਸਿੰਘ ਵਾਲਾ (ਮੋਗਾ) ਤੋਂ ਪਹੁੰਚੇ ਜੈ ਹੋ ਰੰਗਮੰਚ ਵੱਲੋਂ ਬਲਰਾਜ ਸਾਗਰ ਰਚਿਤ “ਸੁਲਗਦੀ ਧਰਤੀ” ਨੁੱਕੜ ਨਾਟਕ ਪੇਸ਼ ਕੀਤਾ ਗਿਆ। ਨਾਟਕ ਰਾਹੀਂ ਨਸ਼ਿਆਂ ਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ ਗਿਆ। ਇਸ ਨਾਟਕ ’ਚ ਸੁਖਦੇਵ ਲੱਧੜ, ਆਸ਼ੂ ਨਯੀਅਰ ਤੇ ਸ਼ੁਭਦੀਪ ਸ਼ੁਭ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਜਿਨ੍ਹਾਂ ਵੱਲੋਂ ਦਿੱਤੇ ਗਏ ਸਾਰਥਕ ਸੰਦੇਸ਼ ਅਤੇ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ। ਸੰਸਥਾ ਦੇ ਪਿ੍ੰਸੀਪਲ ਚਰਨਦੀਪ ਸਿੰਘ (ਡਾ.) ਅਤੇ ਰੈੱਡ ਰਿਬਨ ਕਲੱਬ ਦੇ ਨੋਡਲ ਅਫਸਰ ਜਨਮੀਤ ਸਿੰਘ (ਡਾ.) ਨੇ ਸਾਰਥਕ ਸੰਦੇਸ਼ ਦੇਣ ਵਾਲੇ ਇਸ ਨੁੱਕੜ ਨਾਟਕ ਦੀ ਸਫਲ ਪੇਸਕਾਰੀ ਲਈ ਜੈ ਹੋ ਰੰਗਮੰਚ ਦਾ ਧੰਨਵਾਦ ਕੀਤਾ| ਇਸ ਤੋਂ ਬਾਅਦ ਸਫ਼ਾਈ ਅਭਿਆਨ ਤਹਿਤ ਕੈਂਪ ਖੇਤਰ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਸਫ਼ਾਈ ਕਰਕੇ ਸਵੱਛਤਾ ਦਾ ਸੰਦੇਸ਼ ਦਿੱਤਾ ਗਿਆ। ਐਨ.ਐਸ.ਐਸ. ਵਲੰਟੀਅਰਾਂ ਦੁਆਰਾ ਸੰਸਥਾ ਦੇ ਪਿ੍ੰਸੀਪਲ ਚਰਨਦੀਪ ਸਿੰਘ (ਡਾ.), ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਗੁਰਪ੍ਰੀਤ ਕੌਰ, ਹਰਮੀਤ ਕੌਰ ਸਿੱਧੂ (ਡਾ.), ਪ੍ਰੋ. ਅਮਨਦੀਪ ਕੌਰ ਅਤੇ ਰੈੱਡ ਰਿਬਨ ਕਲੱਬ ਦੇ ਨੋਡਲ ਅਫਸਰ ਜਨਮੀਤ ਸਿੰਘ (ਡਾ.) ਦੀ ਅਗਵਾਈ ਅਧੀਨ ਪਿੰਡ ਗਹਿਲ ਵਿਖੇ ਨਸ਼ਿਆਂ ਦੇ ਵਿਰੁੱਧ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਰਾਹੀਂ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਸਮਾਜ ਦੀ ਰਚਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਸਮੇਂ ਵਾਤਾਵਰਨ ਸੁਰੱਖਿਆ ਦੇ ਖੇਤਰ ਵਿੱਚ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਸੁਚੱਜੇ ਢੰਗ ਨਾਲ ਪ੍ਬੰਧਨ ਕਰਨ ਵਾਲੇ ਵਾਤਾਵਰਨ ਪ੍ਰੇਮੀ ਕਿਸਾਨਾਂ ਨੂੰ ਪਿੰਡ ਗਹਿਲ ਦੀ ਧਰਮਸ਼ਾਲਾ ਵਿਖੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਸੰਸਥਾ ਦੀ ਲੋਕਲ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਧਾਨ ਜਥੇਦਾਰ ਨਿਸ਼ਾਨ ਸਿੰਘ ਭੋਲਾ, ਪਿ੍ੰਸੀਪਲ ਚਰਨਦੀਪ ਸਿੰਘ (ਡਾ.) ਤੇ ਹੋਰ ਸਨਮਾਨਿਤ ਸ਼ਖਸੀਅਤਾਂ ਵੱਲੋਂ ਗਗਨਦੀਪ ਸਿੰਘ (ਆਗੂ ਘੱਲੂਘਾਰਾ ਕਲੱਬ), ਸਤਨਾਮ ਸਿੰਘ ਭੁੱਲਰ , ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਬੇਅੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕਿਸਾਨਾਂ ਨੂੰ ਹੋਰਾਂ ਲਈ ਪ੍ਰੇਰਣਾ ਬਣਨ ਦੇ ਉਦੇਸ਼ ਨਾਲ ਦਿੱਤਾ ਗਿਆ। ਸ਼ਾਮ ਦੇ ਸੈਸ਼ਨ ‘ਚ ਗਰੁੱਪ ਚਰਚਾ ਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਨਾਲ ਵਲੰਟੀਅਰਾਂ ਵਿੱਚ ਸਮਾਜ ਪ੍ਰਤੀ ਜ਼ਿੰਮੇਵਾਰੀ, ਸੇਵਾ ਭਾਵਨਾ ਤੇ ਅਗਵਾਈ ਦੇ ਗੁਣ ਵਿਕਸਤ ਹੋਏ।